ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦਾ ਸਾਰਾ ਪਸਾਰਾ ਅਸਚਰਜ-ਰੂਪ ਹੋਣ ਕਰਕੇ, ਉਸ ਦੇ ਗੁਣਾਂ ਨੂੰ ਪੂਰੀ ਤਰ੍ਹਾਂ ਜਾਣਿਆ ਤੇ ਬਿਆਨਿਆਂ ਨਹੀਂ ਜਾ ਸਕਦਾ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਨੂੰ ਸਦਾ ਹਾਜ਼ਰ-ਨਾਜ਼ਰ ਸਮਝਣਾ, ਉਸ ਦੇ ਗੁਣਾਂ ਦਾ ਗਾਇਨ ਕਰਨਾ, ਸੰਤੋਖੀ ਤੇ ਦਿਆਲੂ ਸੁਭਾਅ ਨੂੰ ਧਾਰਨ ਕਰਨਾ ਆਦਿ ਹੀ ਅਸਲ ਏਕਾਦਸੀ ਦਾ ਵਰਤ ਹੈ।
ਇਸ
ਸਲੋਕ ਦੇ ਅਰੰਭ ਲਈ ਪਾਤਸ਼ਾਹ ਗਿਆਰ੍ਹਵੀਂ ਥਿਤ ਨੂੰ ਬੜੇ ਹੀ ਵਖਰੇ ਅਤੇ ਪਿਆਰੇ ਅੰਦਾਜ ਵਿਚ ਸਿਮਰਤੀ ’ਚ ਲੈ ਕੇ ਆਏ ਹਨ। ਅੰਕ ਗਿਆਰਾਂ ਵਿਚ ਦੋ ਏਕੇ ਹੁੰਦੇ ਹਨ, ਪਰ ਇਥੇ ਏਕੋ ਏਕੁ ਦਾ ਅਰਥ ਗਿਆਰਾਂ ਨਹੀਂ ਹੈ। ਇਥੇ ਪਾਤਸ਼ਾਹ ਕਹਿੰਦੇ ਹਨ ਕਿ ਉਸ ਪ੍ਰਭੂ ਪਿਆਰੇ ਨੂੰ ਇਕ ਤੇ ਸਿਰਫ ਇਕ ਰੂਪ ਵਜੋਂ ਹੀ ਵਖਿਆਨ ਕਰਨਾ ਚਾਹੀਦਾ ਹੈ। ਬਹੁਤ ਲੋਕ ਉਸ ਇਕੋ-ਇਕ ਪ੍ਰਭੂ ਦੇ ਗੁਣਾਂ ਦਾ ਵਖਿਆਨ ਤਾਂ ਕਰਦੇ ਹਨ, ਪਰ ਉਸ ਨੂੰ ਇਕ ਰੂਪ ਜਾਣਨ ਵਿਚ ਏਨਾ ਅਨੰਦ ਹੈ ਕਿ ਜਿਸ ਦਾ ਅਨੁਭਵ ਕਿਸੇ ਵਿਰਲੇ ਨੂੰ ਹੀ ਹੋ ਸਕਦਾ ਹੈ। ਪਾਤਸ਼ਾਹ ਕਹਿੰਦੇ ਹਨ ਕਿ ਬੇਸ਼ੱਕ ਜਗਤ-ਪਾਲਕ ਪ੍ਰਭੂ ਇਕ ਹੈ, ਪਰ ਉਸ ਦੇ ਗੁਣ ਏਨੇ ਹਨ ਕਿ ਜਾਣੇ ਹੀ ਨਹੀਂ ਜਾ ਸਕਦੇ। ਬਸ ਇਹੀ ਸੋਚ ਕੇ ਵਿਸਮਾਦ ਵਿਚ ਚਲੇ ਜਾਈਦਾ ਹੈ।
ਆਮ ਤੌਰ ’ਤੇ ਕਿਸੇ ਵਿਅਕਤੀ ਵਿਚ ਕੁਝ ਇਕ ਗਿਣਤੀ ਦੇ ਹੀ ਗੁਣ ਹੁੰਦੇ ਹਨ। ਪਰ ਉਸ ਪ੍ਰਭੂ ਪਿਆਰੇ ਦੇ ਏਨੇ ਗੁਣ ਹਨ, ਜੋ ਗਿਣੇ ਨਹੀਂ ਜਾ ਸਕਦੇ, ਜਿਸ ਕਰਕੇ ਉਸ ਪ੍ਰਭੂ ਨੂੰ ਹੀ ਅਸੀਂ ਇਕ ਦੀ ਬਜਾਏ ਅਨੇਕਤਾ ਵਿਚ ਚਿਤਵ ਲੈਂਦੇ ਹਾਂ। ਪਰ ਜਦ ਗਿਆਨ ਹੁੰਦਾ ਹੈ ਕਿ ਉਹ ਤਾਂ ਸਿਰਫ ਇਕ ਹੈ, ਤੇ ਅਨੇਕਤਾ ਵਿਚ ਸਿਰਫ ਉਸ ਦੇ ਗੁਣ ਹਨ ਤਾਂ ਉਸ ਦੀ ਇਹ ਕਲਾ ਦੇਖ, ਸੁਣ ਜਾਂ ਚਿਤਵ ਕੇ ਵਿਸਮਾਦ ਵਿਚ ਚਲੇ ਜਾਈਦਾ ਹੈ।