ਸਲੋਕ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਵਹਿਮ-ਭਰਮ ਛੱਡ ਕੇ ਸਦਾ ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਦੇ ਰਹਿਣਾ ਚਾਹੀਦਾ ਹੈ। ਉਸ ਦੀ ਸ਼ਰਣ ਪੈਣ ਨਾਲ ਹੀ ਮਨੁਖ ਦਾ ਕਲਿਆਣ ਅਤੇ ਮਨ ਤ੍ਰਿਪਤ ਹੋ ਸਕਦਾ ਹੈ।
ਪਉੜੀ ॥
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥
ਚਾਰਿ ਕੁੰਟ ਦਹਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥
ਗੋਬਿੰਦ ਜਸੁ ਗਾਈਐ ਹਰਿ ਨੀਤ ॥
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੨੯੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਥਿਤੀ ਬਾਣੀ ਦੀ ਪਹਿਲੀ ਪਉੜੀ ਵਿਚ ਪੰਚਮ ਪਾਤਸ਼ਾਹ, ਮੱਸਿਆ ਤੋਂ ਬਾਅਦ, ਚੰਦਰਮਾ ਦੀ ਪਹਿਲੀ ਥਿਤ ਏਕਮ ਦੇ ਹਵਾਲੇ ਨਾਲ ਅਤੇ ਏਕਮ ਸ਼ਬਦ ਦੇ ਧੁਨੀਆਤਮਕ ਸੰਕੇਤ ਤੋਂ ਇਕ ਅਕਾਰ ਵਾਲੇ ਪ੍ਰਭੂ ਏਕੰਕਾਰ ਨੂੰ ਹਿਰਦੇ ਵਿਚ ਯਾਦ ਕਰਦੇ ਹਨ ਤੇ ਉਸ ਨੂੰ ਬੰਦਨਾ, ਅਰਥਾਤ ਨਮਸ਼ਕਾਰ ਕਰਦੇ ਹਨ। ਪਾਤਸ਼ਾਹ ਇਸ ਸੰਸਾਰ ਨੂੰ ਜਾਣਨ ਅਤੇ ਪਾਲਣ ਵਾਲੇ ਪ੍ਰਭੂ ਦੇ ਗੁਣ ਗਾਉਂਦੇ ਹਨ ਅਤੇ ਉਸ ਰਾਜਿਆਂ ਜਿਹੇ ਹਰੀ ਪ੍ਰਭੂ ਅੱਗੇ ਸਮਰਪਣ ਭਾਵ ਪ੍ਰਗਟ ਕਰਦੇ ਹਨ। ਜਿਸ ਪ੍ਰਭੂ ਦੇ ਕੀਤਿਆਂ ਸਭ ਕੁਝ ਹੋ ਸਕਦਾ ਹੈ ਫਿਰ ਉਸੇ ਤੋਂ ਹੀ ਅਜਿਹੀ ਉਮੀਦ ਰਖੀ ਜਾ ਸਕਦੀ ਹੈ ਕਿ ਸਾਡਾ ਕਲਿਆਣ ਹੋ ਸਕੇ ਤੇ ਸਾਨੂੰ ਸੁਖ ਨਸੀਬ ਹੋ ਸਕੇ।
ਪੂਰਬ, ਪੱਛਮ, ਉੱਤਰ ਤੇ ਦੱਖਣ ਚਾਰ ਪ੍ਰਮੁੱਖ ਦਿਸ਼ਾਵਾਂ ਹਨ। ਇਨ੍ਹਾਂ ਦੇ ਵਿਚਕਾਰ ਚਾਰ ਕੋਨੇ ਹਨ ਤੇ ਉੱਪਰ ਹੇਠਾਂ ਮਿਲਾ ਕੇ ਕੁੱਲ ਦਸ ਦਿਸ਼ਾਵਾਂ ਬਣਦੀਆਂ ਹਨ। ਪਾਤਸ਼ਾਹ ਕਹਿੰਦੇ ਹਨ ਕਿ ਇਨ੍ਹਾਂ ਸਾਰੀਆਂ ਦਿਸ਼ਾਵਾਂ ਵਿਚ ਘੁੰਮ ਕੇ ਦੇਖ ਲਉ, ਪ੍ਰਭੂ ਬਿਨਾਂ ਕੋਈ ਵੀ ਅਜਿਹਾ ਨਹੀਂ ਹੈ, ਜਿਸ ਤੋਂ ਕਲਿਆਣ ਅਤੇ ਸੁਖ ਦੀ ਉਮੀਦ ਰਖੀ ਜਾ ਸਕਦੀ ਹੈ, ਭਾਵ ਉਸ ਪ੍ਰਭੂ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਵੇਦ, ਪੁਰਾਣ ਅਤੇ ਸਿਮਰਤੀਆਂ ਜਿਹੇ ਧਾਰਮਕ ਗ੍ਰੰਥ ਸੁਣ ਲਉ ਤੇ ਉਨ੍ਹਾਂ ਦੀ ਜਿਸ ਭਾਂਤ ਵੀ ਵਿਚਾਰ ਕਰ ਕੇ ਦੇਖ ਲਉ, ਪਰ ਦੱਬੇ-ਕੁਚਲੇ ਲੋਕਾਂ ਦਾ ਪਾਰ-ਉਤਾਰਾ ਕਰਨ ਵਾਲਾ, ਉਨ੍ਹਾਂ ਦਾ ਡਰ ਦੂਰ ਕਰਨ ਵਾਲਾ ਤੇ ਉਨ੍ਹਾਂ ਲਈ ਸਾਗਰ ਦੀ ਨਿਆਈਂ ਬੇਸ਼ੁਮਾਰ ਸੁਖਾਂ ਦਾ ਸਾਧਨ ਉਹੀ ਇਕੋ ਇਕ ਪ੍ਰਭੂ ਹੈ।
ਬਾਣੀ ਵਿਚ ਅਕਸਰ ਸੱਚ ਨੂੰ ਕਈ ਤੈਹਾਂ ਤੋਂ ਵੇਖਿਆ ਅਤੇ ਦੱਸਿਆ ਜਾਂਦਾ ਹੈ। ਇਨਸਾਨੀ ਨੁਕਤੇ ਤੋਂ ਪ੍ਰਭੂ ਦਾਤਾਂ ਦੇਣ ਵਾਲਾ ਹੈ ਤੇ ਮਨੁਖ ਉਨ੍ਹਾਂ ਦਾਤਾਂ ਨੂੰ ਭੋਗਣ ਵਾਲਾ ਹੈ। ਪਰ ਇਥੇ ਪਾਤਸ਼ਾਹ ਉਕਤ ਸੱਚ ਨੂੰ ਕਾਇਨਾਤੀ ਨੁਕਤੇ ਤੋਂ ਵੇਖਦੇ ਹਨ ਕਿ ਜਦ ਹਰ ਪਾਸੇ ਪ੍ਰਭੂ ਹੀ ਪ੍ਰਭੂ ਹੈ ਤਾਂ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਦਾਤਾਂ ਦੇਣ ਵਾਲਾ ਕੋਈ ਹੋਰ ਹੈ ਤੇ ਲੈਣ ਵਾਲਾ ਹੋਰ। ਪਾਤਸ਼ਾਹ ਇਸ ਤੁਕ ਵਿਚ ਦੱਸਦੇ ਹਨ ਕਿ ਅਸਲ ਵਿਚ ਦਾਤਾ, ਅਰਥਾਤ ਦੇਣਹਾਰ ਅਤੇ ਭੋਗਣ ਵਾਲਾ ਉਸ ਪ੍ਰਭੂ ਤੋਂ ਬਿਨਾਂ ਕੋਈ ਹੋਰ ਨਹੀਂ ਹੈ ਤੇ ਉਸ ਦੀ ਥਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਜਦ ਉਸ ਨੇ ਕਿਸੇ ਹੋਰ ਦੀ ਬਜਾਏ, ਖੁਦ ਨੂੰ ਹੀ ਦੇਣਾ ਹੈ ਤਾਂ ਫਿਰ ਉਸ ਕੋਲੋਂ ਕਾਸੇ ਦੀ ਵੀ ਇੱਛਾ ਕਰ ਲਈਏ, ਉਹੀ ਮਿਲ ਜਾਂਦਾ ਹੈ।
ਇਸ ਪਉੜੀ ਦੇ ਅਖੀਰ ਵਿਚ ਪਾਤਸ਼ਾਹ ਆਪਣੇ ਸੰਗੀ-ਸਾਥੀਆਂ ਨੂੰ ਮੁਖਾਤਬ ਹੋ ਕੇ ਆਖਦੇ ਹਨ ਕਿ ਸਾਨੂੰ ਹਰ ਰੋਜ ਸ੍ਰਿਸ਼ਟੀ ਦੇ ਜਾਣਨਹਾਰ ਪ੍ਰਭੂ ਦੀ ਸਿਫਤਿ ਕਰਨੀ ਚਾਹੀਦੀ ਹੈ, ਭਾਵ ਉਸ ਦੇ ਗੁਣ ਗਾੳਣੇ ਚਾਹੀਦੇ ਹਨ। ਸਾਧ-ਜਨਾ ਦੀ ਸੰਗਤ ਵਿਚ ਮਿਲ ਕੇ ਉਸੇ ਪ੍ਰਭੂ ਨੂੰ ਯਾਦ ਕਰਨ ਦੀ ਜਰੂਰਤ ਹੈ। ਇਹੀ ਇਸ ਪਉੜੀ ਦਾ ਸਮੁੱਚਾ ਭਾਵ ਹੈ।