Guru Granth Sahib Logo
  
ਸਲੋਕ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਵਹਿਮ-ਭਰਮ ਛੱਡ ਕੇ ਸਦਾ ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਦੇ ਰਹਿਣਾ ਚਾਹੀਦਾ ਹੈ। ਉਸ ਦੀ ਸ਼ਰਣ ਪੈਣ ਨਾਲ ਹੀ ਮਨੁਖ ਦਾ ਕਲਿਆਣ ਅਤੇ ਮਨ ਤ੍ਰਿਪਤ ਹੋ ਸਕਦਾ ਹੈ।
ਥਿਤੀ  ਗਉੜੀ  ਮਹਲਾ
ਸਲੋਕੁ
ਸਤਿਗੁਰ ਪ੍ਰਸਾਦਿ

ਜਲਿ ਥਲਿ ਮਹੀਅਲਿ ਪੂਰਿਆ   ਸੁਆਮੀ ਸਿਰਜਨਹਾਰੁ
ਅਨਿਕ ਭਾਂਤਿ ਹੋਇ ਪਸਰਿਆ   ਨਾਨਕ  ਏਕੰਕਾਰੁ ॥੧॥
-ਗੁਰੂ ਗ੍ਰੰਥ ਸਾਹਿਬ ੨੯੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਾਰਤੀ ਲੋਕਾਂ ਨੇ ਜਦ ਸਮੇਂ ਨੂੰ ਮਾਪਿਆ ਤਾਂ ਸੂਰਜ ਤੋਂ ਸਾਲ ਦਾ ਅੰਦਾਜ਼ਾ ਲਗਾਇਆ ਤੇ ਚੰਦਰਮਾਂ ਤੋਂ ਮਹੀਨੇ ਦਾ। ਸਾਲ ਦਾ ਅਰਥ ਸੂਰਜ ਹੈ ਤੇ ਮਹੀਨੇ ਦਾ ਅਰਥ ਚੰਦਰਮਾ ਹੈ। ਫਿਰ ਸੂਰਜ ਦੇ ਚੜ੍ਹਨ ਛਿਪਣ ਤੋਂ ਦਿਨ ਦਾ ਹਿਸਾਬ ਲਾ ਕੇ ਕੰਮ ਚਲਾ ਲਿਆ।

ਉਨ੍ਹਾਂ ਨੇ ਸੂਰਜੀ ਦਿਨ ਦੇ ਨਾਲ ਚੰਦਰਮਾ ਦਾ ਦਿਨ ਵੀ ਤੈਅ ਕਰ ਲਿਆ ਤੇ ਉਸ ਨੂੰ ਥਿਤ ਆਖਿਆ। ਸੂਰਜ ਦਾ ਹਰ ਦਿਨ ਚੌਵੀ ਘੰਟੇ ਦਾ ਹੁੰਦਾ ਹੈ। ਪਰ ਚੰਦਰਮਾ ਦੀਆਂ ਥਿਤਾਂ ਸਦਾ ਇਕਸਾਰ ਨਹੀਂ ਰਹਿੰਦੀਆਂ ਤੇ ਅਕਸਰ ੧੯ ਤੋਂ ੨੬ ਘੰਟਿਆਂ ਤਕ ਹੁੰਦੀਆਂ ਹਨ। ਅਸੀਂ ਆਰਥਕ ਅਤੇ ਬੌਧਿਕ ਕਾਰਜ ਸੂਰਜੀ ਦਿਨ ਦੇ ਹਿਸਾਬ ਨਾਲ ਕਰਨੇ ਸ਼ੁਰੂ ਕਰ ਦਿੱਤੇ ਤੇ ਦਿਲ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ਨਾਲ ਜੁੜੇ ਹੋਏ ਕਾਰਜ ਚੰਦਰਮਾ ਦੇ ਦਿਨ, ਅਰਥਾਤ ਥਿਤ ਅਨੁਸਾਰ ਕਰਨੇ ਸ਼ੁਰੂ ਕਰ ਦਿੱਤੇ।

ਦਿਲ ਦੇ ਭਾਵਾਂ ਨੇ ਥਿਤਾਂ ਨੂੰ ਸ਼ੁਭ-ਅਸ਼ੁੱਭ ਮੰਨ ਲਿਆ, ਜਿਨ੍ਹਾਂ ਉੱਤੇ ਸਾਡੇ ਸੱਭਿਆਚਾਰ ਦੀ ਉਸਾਰੀ ਹੋਈ। ਪ੍ਰੋ. ਪੂਰਨ ਸਿੰਘ ਆਪਣੀ ਪੁਸਤਕ ‘ਦ ਸਪਿਰਿਟ ਬੌਰਨ ਪੀਪਲ’ ਵਿਚ ਲਿਖਦੇ ਹਨ: superstitions preserve the life sparks more effectively than the reason of man. ਅਰਥਾਤ, ਮਨੁਖੀ ਤਰਕ ਦੀ ਨਿਸਬਤ ਮਾਨਤਾਵਾਂ ਅਨੁਸਾਰ ਜੀਵਨ ਵਧੇਰੇ ਕਾਰਗਰ ਤਰੀਕੇ ਨਾਲ ਧੜਕਦਾ ਹੈ।

ਪਰ ਅਗਿਆਨਤਾ ਵੱਸ ਕਦੇ-ਕਦੇ ਮਾਨਤਾਵਾਂ ਸਾਡੇ ਜੀਵਨ ਵਿਚ ਰੁਕਾਵਟ ਬਣ ਜਾਂਦੀਆਂ ਹਨ ਤੇ ਸ਼ੁਭ-ਅਸ਼ੁਭ, ਪੁੰਨ-ਪਾਪ ਤੇ ਪਵਿੱਤਰ-ਅਪਵਿੱਤਰ ਜਿਹੇ ਵਹਿਮ ਅਤੇ ਭਰਮ ਦਾ ਅਜਿਹਾ ਮਾਇਆ ਜਾਲ ਬੁਣ ਦਿੰਦੀਆਂ ਹਨ ਕਿ ਇਨਸਾਨ ਦਾ ਜਿਉਣਾਂ ਦੁਰਗਮ ਹੋ ਜਾਂਦਾ ਹੈ। ਅਜਿਹੀ ਦੁਰਗਮਤਾ ਨੂੰ ਖੰਡਣ ਲਈ ਪੰਚਮ ਪਾਤਸ਼ਾਹ ਨੇ ਇਸ ਥਿਤੀ ਬਾਣੀ ਦਾ ਉਚਾਰਣ ਕੀਤਾ।

ਸਭ ਤੋਂ ਪਹਿਲੇ ਸਲੋਕ ਵਿਚ ਪਾਤਸ਼ਾਹ ਨੇ ਪ੍ਰਭੂ ਦੇ ਵਾਸੇ ਨੂੰ ਲੈ ਕੇ ਭਰਮ ਦੂਰ ਕੀਤਾ ਹੈ ਕਿ ਇਸ ਬ੍ਰਹਿਮੰਡ ਵਿਚ ਪ੍ਰਭੂ ਦੇ ਵਾਸੇ ਦੀ ਕੋਈ ਵਿਸ਼ੇਸ਼ ਜਾਂ ਖਾਸ ਥਾਂ ਨਹੀਂ ਹੈ। ਬਲਕਿ ਉਹ ਜਲ ਅਤੇ ਥਲ ਵਿਚ, ਅਰਥਾਤ ਸਮੁੰਦਰ ਵਿਚ ਅਤੇ ਧਰਤੀ ਉੱਤੇ ਹਰ ਥਾਂ ਵੱਸਦਾ ਹੈ। ਇਥੋਂ ਤਕ ਕਿ ਇਸ ਜਲ ਅਤੇ ਥਲ ਦੇ ਇਲਾਵਾ ਜਿਹੜੀ ਮਹੀਅਲ, ਅਰਥਾਤ ਖਾਲੀ ਥਾਂ ਜਾਂ ਅਕਾਸ਼ ਹੈ, ਇਥੇ ਵੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਵੱਸਦਾ ਹੈ।

ਮੁਹੰਮਦ ਇਕਬਾਲ ਦੀ ਕਵਿਤਾ ‘ਤਸਵੀਰੋ ਮੁਸੱਵਰ’ ਵਿਚ ਤਸਵੀਰ ਆਪਣੇ ਕਰਤੇ ਮੁਸੱਵਰ ਨਾਲ ਇਤਰਾਜ ਕਰਦੀ ਹੈ ਕਿ ਉਹ ਆਪਣੀ ਸਿਰਜਣਾ ਦੀ ਨਜ਼ਰ ਤੋਂ ਪਰੇ ਕਿਉਂ ਹੈ? ਮੁਸੱਵਰ ਜਵਾਬ ਦਿੰਦਾ ਹੈ ਕਿ ਜੇਕਰ ਤਸਵੀਰ ਆਪਣੇ ਮੁਸੱਵਰ ਦੇ ਦੀਦਾਰ ਕਰਨਾ ਚਾਹੁੰਦੀ ਹੈ ਤਾਂ ਉਹ ਖੁਦ ਨੂੰ ਦੇਖੇ ਤੇ ਮੁਸੱਵਰ ਉਸ ਦੇ ਅੰਦਰ ਹੀ ਹੈ। ਕਰਤਾ ਖੁਦ ਨੂੰ ਆਪਣੀ ਸਿਰਜਣਾ ਦੇ ਅੰਦਰ ਉਤਾਰ ਦਿੰਦਾ ਹੈ। ਇਸੇ ਤਰ੍ਹਾਂ ਪ੍ਰਭੂ ਆਪਣੀ ਸਿਰਜਣਾ, ਅਰਥਾਤ ਇਸ ਸ੍ਰਿਸ਼ਟੀ ਦੇ ਅੰਦਰ ਹੀ ਵਸਦਾ ਹੈ।

ਜੇਕਰ ਇਹ ਮੰਨ ਲਿਆ ਜਾਵੇ ਕਿ ਪ੍ਰਭੂ ਕਿਸੇ ਵਿਸ਼ੇਸ਼ ਥਾਂ ਜਾਂ ਥਾਂਵਾਂ ’ਤੇ ਵੱਸਦਾ ਹੈ ਤਾਂ ਸਾਨੂੰ ਉਸ ਦੇ ਅਲੱਗ-ਅਲੱਗ ਅਕਾਰ ਮੰਨਣੇ ਪੈਣਗੇ। ਪਰ ਜਦ ਅਸੀਂ ਆਖਦੇ ਹਾਂ ਕਿ ਉਹ ਹਰ ਥਾਂ ਵਸਦਾ ਹੈ ਤਾਂ ਸਾਨੂੰ ਉਸ ਦਾ ਅਕਾਰ ਅਤੇ ਹਸਤੀ ਵੀ ਇਕ ਮੰਨਣੀ ਪੈਂਦੀ ਹੈ। ਇਸ ਕਰਕੇ ਇਸ ਸਲੋਕ ਵਿਚ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਭੂ ਦੀ ਹਸਤੀ ਟੁਕੜਿਆਂ ਵਿਚ ਨਹੀਂ ਹੈ ਤੇ ਉਸ ਦੀ ਸਾਲਮ ਹਸਤੀ, ਅਰਥਾਤ ਅਕਾਰ ਸਿਰਫ ਇਕ ਹੈ। ਪਰ ਉਹ ਆਪਣੀ ਰਚਨਾ, ਅਰਥਾਤ ਇਸ ਸ੍ਰਿਸ਼ਟੀ ਵਿਚ ਅਨੇਕ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ ਫੈਲਿਆ ਹੋਇਆ ਹੈ। ਬੇਸ਼ੱਕ ਪ੍ਰਭੂ ਦਾ ਪਸਾਰਾ ਜਾਂ ਉਸ ਦੀ ਸਿਰਜਣਾ ਅਨੇਕ ਭਾਂਤੀ ਅਤੇ ਅਨੇਕਤਾ ਵਿਚ ਹੈ, ਪਰ ਉਹ ਖੁਦ, ਏਕੰਕਾਰ, ਅਰਥਾਤ ਇਕ ਅਕਾਰ ਵਾਲਾ ਹੀ ਹੈ।
Tags