Guru Granth Sahib Logo
  
ਚਉਥੇ ਪਦੇ ਵਿਚ ਜਗਿਆਸੂ ਦੇ ਪ੍ਰਭੂ ਨਾਲ ਆਤਮਕ-ਮਿਲਾਪ ਦਾ ਜਿਕਰ ਹੈ। ਆਤਮਕ-ਮਿਲਾਪ ਹੋ ਜਾਣ ਸਦਕਾ, ਜਗਿਆਸੂ ਦੇ ਜੀਵਨ ਵਿਚ ਸਹਿਜ ਆ ਜਾਂਦਾ ਅਤੇ ਉਹ ਆਤਮਕ-ਵਿਗਾਸ ਨਾਲ ਖਿੜ ਪੈਂਦਾ ਹੈ।
ਹਰਿ ਚਉਥੜੀ ਲਾਵ   ਮਨਿ ਸਹਜੁ ਭਇਆ   ਹਰਿ ਪਾਇਆ  ਬਲਿ ਰਾਮ ਜੀਉ
ਗੁਰਮੁਖਿ ਮਿਲਿਆ ਸੁਭਾਇ   ਹਰਿ ਮਨਿ ਤਨਿ ਮੀਠਾ ਲਾਇਆ  ਬਲਿ ਰਾਮ ਜੀਉ
ਹਰਿ ਮੀਠਾ ਲਾਇਆ  ਮੇਰੇ ਪ੍ਰਭ ਭਾਇਆ   ਅਨਦਿਨੁ ਹਰਿ ਲਿਵ ਲਾਈ
ਮਨ ਚਿੰਦਿਆ ਫਲੁ ਪਾਇਆ ਸੁਆਮੀ   ਹਰਿ ਨਾਮਿ ਵਜੀ ਵਾਧਾਈ
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ   ਧਨ ਹਿਰਦੈ ਨਾਮਿ ਵਿਗਾਸੀ
ਜਨੁ ਨਾਨਕੁ ਬੋਲੇ  ਚਉਥੀ ਲਾਵੈ   ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
-ਗੁਰੂ ਗ੍ਰੰਥ ਸਾਹਿਬ ੭੭੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚਉਥੀ ਲਾਵ ਵਿਚ ਮਿਲਾਪ ਦੇ ਛਿਣ ਦੀ ਸਦੀਵਤਾ ਹਾਸਲ ਹੁੰਦੀ ਹੈ। ਇਹੀ ਸਹਿਜ ਸੁਭਾਅ ਪ੍ਰਾਪਤ ਹੋਇਆ ਮਨ-ਚਿੰਦਿਆ ਫਲ ਹੈ, ਜਿਸ ਦੇ ਪ੍ਰਾਪਤ ਹੋਣ ’ਤੇ ਸਭ ਤੌਖਲੇ ਮਿਟ ਜਾਂਦੇ ਹਨ, ਹਰ ਪਾਸਿਓਂ ਵਧਾਈਆਂ ਮਿਲਦੀਆਂ ਹਨ ਤੇ ਹਿਰਦੇ ਵਿਚ ਨਾਮ ਵਿਗਸਣ ਲੱਗਦਾ ਹੈ। ਚਉਥੀ ਲਾਵ ਦੌਰਾਨ ਹੋਏ ਇਸ ਹਾਸਲ ਨੂੰ ਹੀ ਅਵਿਨਾਸ਼ੀ ਅਰਥਾਤ ਸਦੀਵੀ ਕਿਹਾ ਗਿਆ ਹੈ।

ਗੁਰਮਤਿ ਅਨੁਸਾਰ ਰੱਬੀ ਮਿਲਾਪ ਦੇ ਇਸ ਚਉਥੇ ਅਤੇ ਅੰਤਮ ਪੜਾਅ ਵਿਚ ਮਨ ਅੰਦਰ ਸਹਿਜ ਆ ਗਿਆ ਹੈ, ਜਿਸ ਕਾਰਣ ਮਨ ਵਿਚ ਕੋਈ ਡਰ, ਤੌਖਲਾ ਜਾਂ ਉਦਾਸੀ ਨਹੀਂ ਰਹੀ। ਇਹ ਸਹਿਜ ਹੀ ਮਨ ਦਾ ਪੂਰਨ ਟਿਕਾਉ ਹੈ, ਜਿਸ ਦੌਰਾਨ ਤਨ ਅਤੇ ਮਨ ਵਿਚ ਮਿੱਠਾ-ਮਿੱਠਾ ਅਹਿਸਾਸ ਜਾਗਦਾ ਹੈ ਕਿਉਂਕਿ ਪਿਆਰੇ ਦਾ ਮਿਲਣਾ ਸੁਭਾਵਕ ਅਰਥਾਤ ਕੁਦਰਤੀ ਸੀ। ਇਥੇ ਸੁਭਾਵਕ ਮਿਲਣ ਵਿਚ ਪ੍ਰਭੂ ਦੇ ਨਿਰਉਚੇਚ ਹੋਣ ਦਾ ਸੰਕੇਤ ਹੈ। ਪਿਆਰ ਮਿਲਣੀ ਵਿਚ ਉਚੇਚ ਉਥੇ ਹੁੰਦੀ ਹੈ, ਜਿਥੇ ਕਿਸੇ ਤਰ੍ਹਾਂ ਦਾ ਅਸਹਿਜ ਹੋਵੇ। ਪਰ ਸਹਿਜ ਵਾਲੇ ਰਿਸ਼ਤੇ ਅਤੇ ਮਿਲਣੀ ਵਿਚ ਨਿਰਉਚੇਚ ਸੁਭਾਵਕਤਾ ਹੁੰਦੀ ਹੈ, ਜਿਸ ਨੂੰ ਸੂਝਵਾਨ ਤੇ ਸੰਵੇਦਨਸ਼ੀਲ ਲੋਕ ਹੀ ਸਮਝ ਸਕਦੇ ਹਨ।

ਸਹਿਜ ਜਿੰਦਗੀ ਦੀ ਰਫ਼ਤਾਰ ਨੂੰ ਨਹੀਂ, ਅੰਦਾਜ ਨੂੰ ਕਹਿੰਦੇ ਹਨ। ਕਿਸੇ ਵੀ ਸ਼ੈਅ ਦਾ ਬਨਾਵਟ ਰਹਿਤ ਕੁਦਰਤੀਪਣ ਜਾਂ ਪ੍ਰਕਿਰਤਕ ਰੂਪ ਸਹਿਜ ਹੁੰਦਾ ਹੈ। ਸਹਿਜ ਵਿਚ ਮਨੋਕਾਮਨਾ ਦਾ ਪੱਕਿਆ ਫਲ ਹਮੇਸ਼ਾ ਨਾਲ ਨਿਭਣ ਵਾਲੀ ਸ਼ੈਅ ਹੁੰਦੀ ਹੈ।

ਇਸ ਤਰਾਂ ਵੀ ਕਿਹਾ ਜਾ ਸਕਦਾ ਹੈ ਕਿ ਮਨੁਖ ਦੇ ਅੰਦਰ ਇਕ ਕੁਦਰਤੀ ਕਲਾਤਮਕਤਾ (innate talent) ਹੁੰਦੀ ਹੈ, ਜਿਸ ਦੀ ਪਰਿਪੂਰਣਤਾ ਹੀ ਮਨਚਿੰਦਿਆ ਫਲ ਹੁੰਦਾ ਹੈ। ਇਹੀ ਪਰਮ, ਸਦੀਵੀ ਅਤੇ ਅਵਿਨਾਸ਼ੀ ਫਲ ਹੈ। ਇਹੀ ਸਹਿਜ ਅਤੇ ਨਾਮ ਦੀ ਪ੍ਰਾਪਤੀ ਹੈ, ਇਹੀ ਗੁਰਮਤਿ ਦਾ ਸਾਰ ਹੈ ਤੇ ਇਹੀ ਨਾਮ ਆਤਮ ਅਤੇ ਪਰਮਾਤਮ ਦਰਮਿਆਨ ਦੁਵੱਲਾ ਅਤੇ ਸੁਖਮਈ ਰਿਸ਼ਤਾ ਹੈ। ਪਰਮਾਤਮਾ ਮਨੁਖ ਨਾਲ ਸ਼ਬਦ ਰਾਹੀਂ ਸੰਬੰਧ ਜੋੜਦਾ ਹੈ ਤੇ ਮਨੁਖ ਨਾਮ ਰਾਹੀਂ ਪਰਮਾਤਮ ਨਾਲ ਜੁੜਦਾ ਹੈ। ਆਤਮ ਪਰਮਾਤਮ ਦਾ ਸ਼ਬਦ ਅਤੇ ਨਾਮ ਰਾਹੀ ਹੋਇਆ ਮੇਲ ਹੀ ਅਵਿਨਾਸ਼ੀ ਅਤੇ ਸਦੀਵੀ ਹੈ।

ਇਸ ਤੋਂ ਅੱਗੇ ਪਾਤਸ਼ਾਹ ਮੁੜ ਉਸੇ ਅਹਿਸਾਸ ਨੂੰ ਦੁਹਰਾਉਂਦੇ ਹਨ। ਅਸਲ ਵਿਚ ਪਿਆਰ, ਮਿਲਣ ਦੀ ਤੀਬਰਤਾ, ਪ੍ਰਬਲਤਾ ਅਤੇ ਸੰਵੇਗ ਦੁਹਰਾਉ ਪਸੰਦ ਕਰਦੇ ਹਨ। ਔਸਕਰ ਵਾਈਲਡ ਦਾ ਕਥਨ ਹੈ ਕਿ ‘Romance lives by repetition’ ਅਰਥਾਤ ਪ੍ਰੇਮ ਦੁਹਰਾਉ ਪਸੰਦ ਹੁੰਦਾ ਹੈ। ਇਸ ਪਦੇ ਵਿਚ ਰੱਬੀ ਮਿਲਾਪ ਦੇ ਮਿੱਠੇ ਅਹਿਸਾਸ ਦੇ ਇਲਾਵਾ ਲਿਵ ਦਾ ਜਿਕਰ ਆਇਆ ਹੈ। ਲਿਵ ਅਸਲ ਵਿਚ ਦਿਨ ਰਾਤ ਪਿਆਰ ਮਿਲਣ ਦੀ ਬਾਰੰਬਾਰਤਾ, ਲਗਾਤਾਰਤਾ ਜਾਂ ਦੁਹਰਾਉ ਹੈ।

ਇਸ ਪੜਾਉ ਦੌਰਾਨ ਪ੍ਰਾਪਤ ਹੋਏ ਮਨਚਾਹੇ ਫਲ ਅਰਥਾਤ ਪਰਮ ਪਿਆਰੇ ਦਾ ਸਦੀਵੀ ਮੇਲ ਹੋ ਗਿਆ ਹੈ। ਇਹ ਸਭ ਮਨ ਵਿਚ ਉਸ ਪਰਮ ਪਿਆਰੇ ਦੇ ਨਾਮ ਜਪਣ ਸਦਕਾ ਸੰਭਵ ਹੋਇਆ ਹੈ ਤੇ ਉਸੇ ਸਦਕਾ ਇਸ ਪ੍ਰਾਪਤੀ ਲਈ ਵਧਾਈਆਂ ਮਿਲ ਰਹੀਆਂ ਹਨ।

ਪਾਤਸ਼ਾਹ ਦੱਸਦੇ ਹਨ ਕਿ ਮਿਲਾਪ ਦਾ ਮਹਾਂ-ਕਾਰਜ ਅਸਲ ਵਿਚ ਹਰੀ, ਪ੍ਰਭੂ ਜਾਂ ਠਾਕਰ ਨੇ ਖ਼ੁਦ ਰਚਾਇਆ ਸੀ, ਜਿਸ ਕਾਰਣ ਪਿਆਰ ਕਰਨ ਵਾਲੀ ਆਤਮਾ ਦਾ ਹਿਰਦਾ ਪ੍ਰਭੂ ਦੇ ਨਾਮ ਨਾਲ ਵਿਗਸ ਪਿਆ ਹੈ। ਕਦੇ ਵੀ ਨਾ ਨਾਸ ਹੋਣ ਵਾਲਾ ਅਵਿਨਾਸ਼ੀ ਪ੍ਰਭੂ ਮਿਲ ਗਿਆ ਹੈ ਤੇ ਪ੍ਰੇਮ-ਮਿਲਾਪ ਦਾ ਸਫ਼ਰ ਮੁਕੰਮਲ ਹੋ ਗਿਆ ਹੈ।

ਚਉਥੀ ਲਾਵ ਦਾ ਅਮਰ ਫਲ, ਅਰਥਾਤ ਪਰਮ ਪਿਆਰੇ ਦਾ ਸਦੀਵੀ ਮੇਲ, ਮਨ ਨੂੰ ਵੀ ਮਿੱਠਾ ਲੱਗਦਾ ਹੈ ਤੇ ਤਨ ਨੂੰ ਵੀ। ਇਸ ਮੇਲ ਦੀ ਮਿਠਾਸ ਇਕ ਪਾਸੜ ਨਹੀਂ, ਬਲਕਿ ਦੋਵੇਂ ਪਾਸੇ ਮਹਿਸੂਸ ਹੁੰਦੀ ਹੈ ਤੇ ਇਸ ਵਿਚ ਦਿਨ-ਰਾਤ ਲਗਾਤਾਰ ਰਹਿਣ ਨੂੰ ਜੀਅ ਕਰਦਾ ਹੈ। ਪਿਆਰ ਇਕ ਪਾਸੇ ਅਰੰਭ ਹੁੰਦਾ ਹੈ ਤੇ ਜਦ ਇਸ ਦਾ ਅਸਰ ਦੂਜੇ ਪਾਸੇ ਵੀ ਹੋਣ ਲੱਗੇ, ਅਰਥਾਤ ਇਕ ਪਾਸੜ ਪਿਆਰ ਦੋਵੇਂ ਪਾਸੇ ਹੋ ਜਾਵੇ, ਤਾਂ ਇਹ ਪਿਆਰ ਦਾ ਵਿਗਾਸ ਹੁੰਦਾ ਹੈ। ਪਿਆਰ ਦੀ ਇਹੀ ਅਵਿਨਾਸ਼ੀ ਮੰਜਲ ਚਉਥੀ ਲਾਵ ਦਾ ਹਾਸਲ ਹੈ।
Tags