ਤੀਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਦੇ ਮਨ ਵਿਚ ਨਾਸ਼ਵਾਨ ਸੰਸਾਰਕ ਪਦਾਰਥਾਂ ਪ੍ਰਤੀ ਉਪਰਾਮਤਾ ਪੈਦਾ ਹੋਣ ਲੱਗਦੀ ਹੈ। ਸੰਤ-ਜਨਾਂ ਦੀ ਸੰਗਤ ਵਿਚ
ਨਾਮ ਦੀ ਪ੍ਰਾਪਤੀ ਹੋ ਜਾਣ ਸਦਕਾ, ਮਨ ਵਿਚ ਹਰੀ ਨੂੰ ਮਿਲਣ ਦੀ ਤਾਂਘ ਅਤੇ ਚਾਉ ਪੈਦਾ ਹੋ ਜਾਂਦਾ ਹੈ।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
-ਗੁਰੂ ਗ੍ਰੰਥ ਸਾਹਿਬ ੭੭੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਤੀਜੀ ਲਾਵ ਵਿਚ ਜਗਤ ਦੇ ਪ੍ਰਸੰਗ ਵਿਚ ਸਹਿਯੋਗੀ ਸੱਜਣ ਨਾਲ ਜੀਵਨ ਬਸਰ ਕਰਨ ਦਾ ਅਤੇ ਅਧਿਆਤਮ ਪ੍ਰਸੰਗ ਵਿਚ ਜਗਤ-ਪਾਲਕ ਪਾਰਬ੍ਰਹਮ ਦੇ ਮਿਲਾਪ ਦਾ ਚਾਉ ਉਪਜਦਾ ਹੈ। ਇਹੀ ਤੀਜੀ ਲਾਵ ਦਾ ਅਰੰਭ ਹੈ, ਜਿਸ ਵਿਚ ਪਰਮ-ਸਨੇਹੀ ਅਤੇ ਜਗਤ-ਪਾਲਕ ਪ੍ਰਤੀ ਮਨ ਵਿਚ ਵੈਰਾਗ ਭਾਵ ਉਪਜਦਾ ਹੈ। ਮਿਲਾਪ ਦੇ ਛਿਣ ਵਿਚ ਚਾਉ ਦੇ ਨਾਲ ਇਕ ਤੌਖਲਾ ਵੀ ਉਪਜਦਾ ਹੈ। ਇਹ ਤੌਖਲਾ ਹੀ ਅਸਲ ਵਿਚ ਵੈਰਾਗ ਹੈ, ਜਿਸ ਵਿਚ ਮਿਲਾਪ ਦੇ ਛਿਣ ਨੂੰ ਸਦੀਵਤਾ ਵਿਚ ਲੈ ਜਾਣ ਦਾ ਭਾਵ ਹੈ।
ਵੈਰਾਗ ਰਾਗ ਦੀ ਗੈਰ ਹਾਜ਼ਰੀ ਨਹੀਂ ਹੈ, ਬਲਕਿ ਰਾਗ ਅਤੇ ਰੱਬ ਦਾ ਸੁਮੇਲ ਹੈ। ਰਾਗ ਰੱਬ ਲਈ ਤੜਪ ਪੈਦਾ ਕਰਦਾ ਹੈ। ਉਹ ਤੜਪ ਹੀ ਵੈਰਾਗ ਹੈ ਤੇ ਇਸ ਤੀਸਰੀ ਲਾਵ ਦੌਰਾਨ ਮਨ ਵਿਚ ਵੈਰਾਗ ਉਪਜਦਾ ਹੈ। ਬੇਸ਼ਕ ਇਹ ਮਿਜਾਜ਼ੀ ਮੇਲ ਬੜਾ ਨਿਰਮਲ, ਵਡਭਾਗਾ ਤੇ ਅਕਥ ਅਨੰਦ ਵਾਲਾ ਹੈ, ਪਰ ਇਸ ਵਿਚ ਹਕੀਕੀ ਵੈਰਾਗ ਹੈ, ਜੋ ਪਰਵਿਰਤੀ ਵਿਚੋਂ ਨਿਰਵਿਰਤੀ ਮਾਰਗ ਦਾ ਰਾਹ ਖੋਲ੍ਹਦਾ ਹੈ ਤੇ ਰੱਬੀ ਮੇਲ ਦਾ ਸਬੱਬ ਬਣਦਾ ਹੈ। ਤੀਜੀ ਲਾਵ ਦਾ ਇਹੀ ਹਾਸਲ ਅਤੇ ਰਹੱਸ ਹੈ।
ਗੁਰਮਤਿ ਅਨੁਸਾਰ ਰੱਬੀ ਮਿਲਾਪ ਦੇ ਇਸ ਤੀਜੇ ਪੜਾਅ ਵਿਚ ਵੈਰਾਗਵਾਨ ਜਗਿਆਸੂਆਂ ਦੇ ਮਨ ਵਿਚ ਚਾਉ ਉਪਜ ਪੈਂਦਾ ਹੈ। ਇਹ ਚਾਉ ਜਿਥੇ ਪ੍ਰਭੂ-ਮਿਲਾਪ ਲਈ ਜਗਿਆਸੂ ਦੇ ਮਨ ਵਿਚਲੀ ਤੀਬਰਤਾ ਦਾ ਲਖਾਇਕ ਹੈ, ਉਥੇ ਇਸ ਤੋਂ ਇਹ ਵੀ ਅਹਿਸਾਸ ਹੁੰਦਾ ਹੈ ਕਿ ਰੱਬੀ ਮਾਰਗ ਦਾ ਪਾਂਧੀ ਆਪਣੀ ਮੰਜਲ ਦੇ ਨੇੜੇ ਪੁੱਜ ਗਿਆ ਹੈ। ਅਸੀਂ ਜਦ ਵੀ ਕਿਸੇ ਨਵੇਂ ਥਾਂ ਜਾਂਦੇ ਹਾਂ ਤਾਂ ਨੇੜੇ ਜਾ ਕੇ ਵਿਸ਼ੇਸ਼ ਕਿਸਮ ਦਾ ਅਹਿਸਾਸ ਜਾਂ ਚਾਉ ਹੁੰਦਾ ਹੈ, ਜਿਹੜਾ ਸਫ਼ਰ ਦੇ ਅਰੰਭ ਵਾਲੇ ਅਹਿਸਾਸ ਤੋਂ ਵਖਰਾ ਹੁੰਦਾ ਹੈ। ਚਾਉ ਦੀ ਤੀਬਰਤਾ, ਪ੍ਰਬਲਤਾ ਜਾਂ ਵੇਗ ਨੂੰ ਹੀ ਅਸਲ ਵਿਚ ਵੈਰਾਗ ਕਿਹਾ ਜਾਂਦਾ ਹੈ। ਜਿਵੇਂ ਮਿਲਾਪ ਦੇ ਨੇੜੇ ਪਿਆਰਿਆਂ ਦੇ ਨੈਣ ਨਮ ਹੋ ਜਾਂਦੇ ਹਨ, ਇਵੇਂ ਮਿਲਾਪ ਦੇ ਤੀਜੇ ਪੜਾਉ ਵਿਚ ਮਨ ਵਿਚ ਵੈਰਾਗ ਉਮੜ ਪੈਂਦਾ ਹੈ।
ਅਜਿਹਾ ਮੇਲ ਵਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਇਥੇ ਮਸਲਾ ਭਾਗਾਂ ਵਿਚ ਵਿਸ਼ਵਾਸ ਜਾਂ ਅਵਿਸ਼ਵਾਸ ਦਾ ਨਹੀਂ ਹੈ। ਗੱਲ ਸਿਰਫ ਏਨੀ ਹੈ ਕਿ ਮਿਲਾਪ ਵਾਲੇ ਖ਼ੁਦ ਨੂੰ ਵਡੇ ਭਾਗਾਂ ਵਾਲੇ ਅਨੁਮਾਨਦੇ ਹਨ। ਉਹ ਪ੍ਰਭੂ ਨਾਲ ਜੁੜੇ ਹੋਏ ਸਾਫ਼, ਸ਼ੁੱਧ ਅਤੇ ਪਵਿੱਤਰ ਹਿਰਦੇ ਦੇ ਮਾਲਕ ਸੰਤ ਲੋਕਾਂ ਦੇ ਮਿਲਾਪ ਨੂੰ ਵੀ ਵਡੇ ਭਾਗਾਂ ਦੀ ਨਿਸ਼ਾਨੀ ਮੰਨਦੇ ਹਨ, ਜਿਸ ਸਦਕਾ ਪ੍ਰਭੂ ਦਾ ਮਿਲਾਪ ਸੰਭਵ ਹੁੰਦਾ ਹੈ। ਅਜਿਹੇ ਸੰਤ ਲੋਕਾਂ ਦੇ ਮਿਲਾਪ ਸਦਕਾ ਹੀ ਨਿਰਮਲ ਕਰਨ ਵਾਲੇ ਪ੍ਰਭੂ ਦਾ ਅਨੁਭਵ ਹੁੰਦਾ ਹੈ।
ਪਿਆਰ ਦੀ ਮੁੱਢਲੀ ਸ਼ਰਤ ਨਿਰਮਲਤਾ ਅਥਵਾ ਪਵਿੱਤਰਤਾ ਹੁੰਦੀ ਹੈ। ਪਿਆਰ ਕਰਨ ਵਾਲੇ ਲਈ ਪਿਆਰਾ ਹੀ ਨਿਰਮਲ ਹੁੰਦਾ ਹੈ। ਜਿਥੇ ਪਵਿੱਤਰਤਾ ਨਹੀਂ ਹੁੰਦੀ, ਉਥੇ ਪਿਆਰ ਵੀ ਨਹੀਂ ਹੁੰਦਾ ਅਤੇ ਮਿਲਾਪ ਦੀ ਤਾਂ ਸੰਭਾਵਨਾ ਹੀ ਮੁੱਕ ਜਾਂਦੀ ਹੈ। ਇਥੇ ਨਿਰਮਲ ਹਰੀ ਅਰਥਾਤ ਰੱਬੀ ਮਿਲਾਪ ਬਾਰੇ ਦੱਸਿਆ ਗਿਆ ਹੈ ਕਿ ਉਹ ਵਾਹਿਗੁਰੂ ਦੇ ਗੁਣ ਗਾਇਨ ਨਾਲ ਹੀ ਮਿਲਦਾ ਹੈ ਤੇ ਗਾਇਨ ਕੀਤੇ ਜਾਣ ਵਾਲੇ ਗੁਣ ਵੀ ਉਹੀ ਹਨ, ਜਿਹੜੇ ਗੁਰੂ ਦੀ ਬਾਣੀ ਤੋਂ ਪਤਾ ਲੱਗਦੇ ਹਨ।
ਪ੍ਰਭੂ ਦਾ ਮਿਲਾਪ ਹਾਸਲ ਕਰ ਚੁੱਕੇ ਸੰਤ-ਜਨਾਂ ਦੀ ਸੰਗਤ ਦੁਆਰਾ ਜਗਿਆਸੂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਧੁਨੀ ਪੈਦਾ ਹੁੰਦੀ ਹੈ। ਇਸ ਲਈ ਅਜਿਹੇ ਸੰਤ-ਜਨਾਂ ਦੀ ਪ੍ਰਾਪਤੀ ਵਡੇ ਭਾਗਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਹ ‘ਸੰਤ ਜਨ’ ਕਦੇ ਵੀ ਪ੍ਰਭੂ ਦੇ ਗੁਣ ਗਾਉਂਦੇ ਅੱਕਦੇ-ਥੱਕਦੇ ਨਹੀਂ ਕਿਉਂਕਿ ਇਹ ‘ਸਿਦਕ’ ਨਾਲ ਭਰੇ ਹੁੰਦੇ ਹਨ ਅਤੇ ਨਾ ਹੀ ਕਦੇ ਪ੍ਰਭੂ ਦੇ ਗੁਣ ਮੁੱਕਦੇ ਹਨ ਕਿਉਂਕਿ ਉਹ ਕਥਨ ਤੋਂ ਬਾਹਰਾ ‘ਅ-ਕਥ’ ਹੈ। ਵਡੇ ਭਾਗਾਂ ਵਾਲੇ ਜਗਿਆਸੂ ਵੀ ਅਜਿਹੇ ਸੰਤ-ਜਨਾਂ ਦੀ ਸੰਗਤ ਸਦਕਾ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ। ਇਕ ਵਾਰ ਪ੍ਰਭੂ ਵਿਚ ਅਭੇਦ ਹੋਇਆ ਮਨ ਮੁੜ ਕਦੇ ਪ੍ਰਭੂ ਤੋਂ ਵਿਛੜਦਾ ਨਹੀਂ। ਉਹ ਹਰ ਸਮੇਂ, ਸਥਿਤੀ ਤੇ ਸਥਾਨ ’ਤੇ ਪ੍ਰਭੂ ਦੇ ਗੁਣ ਹੀ ਗਾਉਂਦਾ ਰਹਿੰਦਾ ਹੈ। ਅਜਿਹੇ ਹਿਰਦੇ ਵਾਲਿਆਂ ਨੂੰ ਗੁਰੂ ਸਾਹਿਬ ‘ਸੰਤ’ ਦੀ ਉਪਾਧੀ ਬਖਸ਼ਦੇ ਹਨ।
ਮਿਲਾਪ ਦੇ ਇਸ ਪੜਾਉ ਵਿਚ ਗੁਰੂ ਰਾਮਦਾਸ ਸਾਹਿਬ ਜਗਿਆਸੂ ਦੇ ਹਿਰਦੇ ਦੀ ਸਥਿਤੀ ਦੱਸਦੇ ਹਨ ਕਿ ਉਸ ਵਿਚ ਪ੍ਰਭੂ-ਮਿਲਾਪ ਦੀ ਭਾਵਨਾ ਏਨੀ ਪ੍ਰਬਲ ਹੋ ਜਾਂਦੀ ਹੈ ਕਿ ਉਸ ਨੂੰ ਕੁਝ ਵੀ ਹੋਰ ਨਹੀਂ ਸੁੱਝਦਾ। ਕੇਵਲ ਪ੍ਰਭੂ-ਨਾਮ ਦੀ ਧੁਨੀ ਹੀ ਇਕ-ਰਸ ਗੂੰਜਦੀ ਰਹਿੰਦੀ ਹੈ। ਵੈਰਾਗੀ ਹੋਏ ਮਨ ਵਿਚ ਪ੍ਰਭੂ-ਮਿਲਾਪ ਦੀ ਇੱਛਾ ਸਿਖਰ ’ਤੇ ਪੁੱਜਦੀ ਹੈ। ਮਨ ਵਿਚ ਪੈਦਾ ਹੋਈ ਇਹ ਪ੍ਰਬਲ ਇੱਛਾ ਅਤੇ ਉਮੜਿਆ ਵੈਰਾਗ ਹੀ ਮਿਲਾਪ ਦੇ ਇਸ ਪੰਧ ਵਿਚਲੇ ਤੀਜੇ ਪੜਾਉ ਦਾ ਸੂਚਕ ਹੈ।