Guru Granth Sahib Logo
  
ਪਹਿਲੇ ਪਦੇ ਵਿਚ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਨੂੰ ਗੁਰਬਾਣੀ ਦਾ ਓਟ-ਆਸਰਾ ਲੈਂਦੇ ਹੋਏ, ਧਰਮ ਅਤੇ ਨਾਮ ਨੂੰ ਦ੍ਰਿੜਤਾ ਸਹਿਤ ਆਪਣੇ ਜੀਵਨ ਦਾ ਅਧਾਰ ਬਣਾਉਣ ਦਾ ਉਪਦੇਸ਼ ਹੈ।
ਸੂਹੀ ਮਹਲਾ

ਹਰਿ ਪਹਿਲੜੀ ਲਾਵ  ਪਰਵਿਰਤੀ ਕਰਮ ਦ੍ਰਿੜਾਇਆ  ਬਲਿ ਰਾਮ ਜੀਉ
ਬਾਣੀ ਬ੍ਰਹਮਾ ਵੇਦੁ  ਧਰਮੁ ਦ੍ਰਿੜਹੁ   ਪਾਪ ਤਜਾਇਆ  ਬਲਿ ਰਾਮ ਜੀਉ
ਧਰਮੁ ਦ੍ਰਿੜਹੁ  ਹਰਿ ਨਾਮੁ ਧਿਆਵਹੁ   ਸਿਮ੍ਰਿਤਿ ਨਾਮੁ ਦ੍ਰਿੜਾਇਆ
ਸਤਿਗੁਰੁ ਗੁਰੁ ਪੂਰਾ ਆਰਾਧਹੁ   ਸਭਿ ਕਿਲਵਿਖ ਪਾਪ ਗਵਾਇਆ
ਸਹਜ ਅਨੰਦੁ ਹੋਆ ਵਡਭਾਗੀ   ਮਨਿ ਹਰਿ ਹਰਿ ਮੀਠਾ ਲਾਇਆ
ਜਨੁ ਕਹੈ ਨਾਨਕੁ  ਲਾਵ ਪਹਿਲੀ   ਆਰੰਭੁ ਕਾਜੁ ਰਚਾਇਆ ॥੧॥
-ਗੁਰੂ ਗ੍ਰੰਥ ਸਾਹਿਬ ੭੭੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਰੱਬੀ ਮਿਲਾਪ ਅਰਥਾਤ ਸੱਚ ਦੀ ਪ੍ਰਾਪਤੀ ਦੇ ਦੋ ਮਾਰਗ ਹਨ: ਪਰਵਿਰਤੀ ਮਾਰਗ ਤੇ ਨਿਰਵਿਰਤੀ ਮਾਰਗ। ਪਰਵਿਰਤੀ ਮਾਰਗ ਪਰਵਾਰ ਅਤੇ ਸਮਾਜ ਰਾਹੀਂ ਸੱਚ ਵੱਲ ਵਧਣ ਦਾ ਰਾਹ ਹੈ ਤੇ ਨਿਰਵਿਰਤੀ ਮਾਰਗ ਪਰਵਾਰ ਅਤੇ ਸਮਾਜ ਦਾ ਤਿਆਗ ਕਰਕੇ ਸੱਚ ਵੱਲ ਵਧਣ ਦਾ ਰਾਹ ਹੈ। ਇਨ੍ਹਾਂ ਦੋਵਾਂ ਵਿਚੋਂ ਇਕ ਰਾਹ ਚੁਣਨ ਲਈ ਦੂਸਰਾ ਛੱਡਣਾ ਪੈਂਦਾ ਹੈ। ਗੁਰਮਤਿ ਵਿਚ ਨਿਰਵਿਰਤੀ ਦੀ ਬਜਾਏ ਪਰਵਿਰਤੀ ਮਾਰਗ ਪਰਵਾਣ ਹੈ।

ਪਹਿਲੀ ਲਾਵ ਵਿਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਪ੍ਰਭੂ ਨੂੰ ਮਿਲਣ ਦਾ ਰਾਹ ਪਰਵਿਰਤੀ ਦਾ ਮਾਰਗ ਹੈ। ਪਰਵਿਰਤੀ, ਵਿਰਤੀ ਦਾ ਨਿਰੋਧ ਨਹੀਂ, ਸੰਜਮ ਹੈ। ਵਿਰਤੀ ਚਿੱਤ ਦਾ ਰੁਝਾਨ ਹੈ। ਪਰ ਗੁਰਮਤਿ ਇਸ ਵਿਰਤੀ ਦੇ ਨਿਰੋਧ ਦੀ ਬਜਾਏ, ਸੰਜਮ ਨਾਲ ਆਪਣੀਆਂ ਪਰਵਾਰਕ ਅਤੇ ਸਮਾਜਕ ਜ਼ਿੰਮੇਵਾਰੀਆਂ ਨਿਭਾਉਣ ਦਾ ਮਾਰਗ ਹੈ।

ਪਰਵਿਰਤੀ ਦਾ ਮਾਰਗ ਦੁਨੀਆਦਾਰੀ ਜਾਂ ਗ੍ਰਿਹਸਤੀ ਦਾ ਮਾਰਗ ਹੈ। ਆਮ ਤੌਰ ’ਤੇ ਇਸ ਨੂੰ ਰੱਬ ਦੇ ਰਾਹ ਵਿਚ ਰੁਕਾਵਟ ਅਨੁਮਾਨ ਲਿਆ ਜਾਂਦਾ ਹੈ। ਪਰ ਗੁਰੂ ਸਾਹਿਬਾਨ ਨੇ ਗ੍ਰਿਹਸਤ ਨੂੰ ਰੱਬੀ ਰਾਹ ਦਾ ਮੁੱਢਲਾ ਪੜਾਉ ਸਵੀਕਾਰ ਕੀਤਾ ਹੈ। ਗੁਰਬਾਣੀ ਨੇ ਗ੍ਰਿਹਸਤ ਧਰਮ ਨੂੰ ਦ੍ਰਿੜ ਕਰਵਾ ਕੇ ਮਨੁਖ ਨੂੰ ਕੁਰਾਹੇ ਪੈਣ ਤੋਂ ਬਚਾ ਲਿਆ ਹੈ। ਇਥੇ ਕੁਰਾਹੇ ਪੈਣ ਦਾ ਭਾਵ ਇਹ ਸਮਝਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਗ੍ਰਿਹਸਤ ਵਿਚ ਨਹੀਂ ਆਉਂਦੇ, ਉਨ੍ਹਾਂ ਦੇ ਭਟਕਣ ਦੀ ਗੁੰਜਾਇਸ਼ ਹਮੇਸ਼ਾ ਬਣੀ ਰਹਿੰਦੀ ਹੈ। ਗ੍ਰਿਹਸਤ ਧਰਮ ਦੀ ਸ੍ਰੇਸ਼ਟਤਾ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ, ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ॥ -ਭਾਈ ਗੁਰਦਾਸ ਜੀ, ਕਬਿੱਤ ੩੭੬

ਗੁਰੂ ਸਾਹਿਬ ਨੇ ਰੱਬੀ ਮਿਲਾਪ ਅਤੇ ਸੱਚ ਦੀ ਪ੍ਰਾਪਤੀ ਦਾ ਮਾਰਗ ਗ੍ਰਿਹਸਤ ਵਿਚੋਂ ਦਿਖਾਇਆ ਹੈ। ਪੁਰਾਤਨ ਸਤ ਫੇਰਿਆਂ ਦੀ ਰਸਮ ਦੇ ਰੂਪ ਵਿਚ ਸਤ ਪੁਸ਼ਤਾਂ ਦੇ ਮਿਲਾਪ ਦੀ ਥਾਂ, ਚਾਰ ਲਾਵਾਂ ਦੇ ਰੂਪ ਵਿਚ ਚਾਰ ਜੁਗਾਂ ਦੇ ਕੁਲਵਕਤੀ ਮਿਲਾਪ ਦਾ ਪ੍ਰਣ ਦ੍ਰਿੜ ਕਰਾਇਆ ਹੈ। ਇਨ੍ਹਾਂ ਅਰਥਾਂ ਵਿਚ ਗੁਰਮਤਿ ਪਰਵਿਰਤੀ ਮਾਰਗ ਹੈ ਤੇ ਪਹਿਲੀ ਲਾਵ ਇਥੋਂ ਅਰੰਭ ਹੁੰਦੀ ਹੈ।

ਲਾਵ ਡੋਰੀ ਨੂੰ ਕਹਿੰਦੇ ਹਨ। ਜਦ ਅਸੀਂ ਕਿਸੇ ’ਤੇ ਭਰੋਸਾ ਕਰਦੇ ਹਾਂ ਤਾਂ ਆਪਣੇ ਜੀਵਨ ਦੀ ਡੋਰ ਉਸ ਦੇ ਹੱਥ ਫੜਾਉਂਦਿਆਂ, ਉਸ ਨੂੰ ਆਪਣਾ ਮਾਰਗ-ਦਰਸ਼ਕ ਬਣਾ ਰਹੇ ਹੁੰਦੇ ਹਾਂ। ਸਿਖ ਪਰੰਪਰਾ ਵਿਚ ਲਾਵਾਂ ਵੇਲੇ ਲੜਕੀ ਦੇ ਹੱਥ ਵਿਚ ਲੜਕੇ ਦਾ ਪੱਲਾ ਫੜਾਇਆ ਜਾਂਦਾ ਹੈ ਤੇ ਦੋਵੇਂ ਹਰ ਲਾਵ ਦੇ ਅਰੰਭ ਅਤੇ ਅਖੀਰ ਵਿਚ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਨ। ਉਸ ਵੇਲੇ ਉਹ ਇਕੋ ਸਮੇਂ ਇਕ ਦੂਜੇ ਨਾਲ ਤੇ ਵਾਹਿਗੁਰੂ ਨਾਲ ਭਰੋਸੇ ਅਤੇ ਪਿਆਰ ਦੇ ਰਿਸ਼ਤੇ ਵਿਚ ਜੁੜ ਰਹੇ ਹੁੰਦੇ ਹਨ।

ਪਰਵਿਰਤੀ ਦੇ ਇਸ ਮਾਰਗ ਦੇ ਪਹਿਲੇ ਪੜਾਅ ਵਿਚ ਗ੍ਰਿਹਸਤ ਧਰਮ ਵਿਚ ਪ੍ਰਵੇਸ਼ ਦੇ ਨਾਲ-ਨਾਲ ਨਾਮ-ਮਾਰਗ ਵਿਚ ਪਰਵਿਰਤ ਹੋਣ ਦੀ ਸੇਧ ਦਿੱਤੀ ਗਈ ਹੈ। ਦ੍ਰਿੜ ਕਰਾਇਆ ਗਿਆ ਹੈ ਕਿ ਗੁਰਬਾਣੀ ਰੂਪ ‘ਧੁਰ ਕੀ ਬਾਣੀ’ ਹੀ ਬ੍ਰਹਮਾ ਦਾ ਉਚਾਰਿਆ ਵੇਦ ਹੈ। ਜੋੜੇ ਨੇ ਗੁਰਬਾਣੀ ਰਾਹੀਂ ਪ੍ਰਭੂ ਦੇ ਨਾਮ ਨੂੰ ਦਿਲ ਵਿਚ ਵਸਾਉਣਾ ਹੈ। ਸਾਰੇ ਧਾਰਮਕ ਗ੍ਰੰਥਾਂ ਨੇ ਪ੍ਰਭੂ ਦੇ ਨਾਮ ਨੂੰ ਹੀ ਸਰਬ-ਉੱਤਮ ਮੰਨਿਆਂ ਹੈ। ਇਸ ਲਈ ਨਾਮ ਨੂੰ ਹਰ ਵੇਲੇ ਮਨ ਵਿਚ ਵਸਾ ਕੇ ਰਖਣਾ ਹੈ, ਇਸੇ ਨਾਲ ਹੀ ਪਾਪ ਆਦਿਕ ਵਿਕਾਰ ਦੂਰ ਹੁੰਦੇ ਹਨ। ਚੇਤੇ ਰਹੇ ਕਿ ਪ੍ਰਭੂ ਦੇ ਨਾਮ ਨੂੰ ਯਾਦ ਕਰਨ ਦਾ ਭਾਵ ਪੂਰੇ ਗੁਰੂ ਦੇ ਉਪਦੇਸ਼ ਨੂੰ ਹਰ ਵੇਲੇ ਚੇਤੇ ਵਿਚ ਰਖਣਾ ਹੈ, ਜਿਸ ਨਾਲ ਕਿਲਵਿਖ ਜਿਹੇ ਅਮਿਟ ਮਹਾਂ-ਦੋਸ਼ ਵੀ ਮਿਟ ਜਾਂਦੇ ਹਨ।

ਗੁਰਬਾਣੀ ਦੁਆਰਾ ਪ੍ਰਭੂ ਦੇ ਨਾਮ ਨੂੰ ਧਿਆਉਣ ਨਾਲ ਜਗਿਆਸੂ ਵਡੇ ਭਾਗਾਂ ਵਾਲਾ ਹੋਇਆ ਮਹਿਸੂਸ ਕਰਦਾ ਹੈ। ਉਸ ਨੂੰ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ ਅਤੇ ਉਹ ਆਤਮਕ ਅਨੰਦ ਅਨੁਭਵ ਕਰਨ ਲੱਗ ਜਾਂਦਾ ਹੈ। ਇਸ ਪ੍ਰਕਾਰ ਪਹਿਲੇ ਪੜਾਅ ਵਿਚ ਜਗਿਆਸੂ ਆਤਮਕ ਗਿਆਨ ਅਤੇ ਅਨੰਦ ਵਾਲੀ ਅਵਸਥਾ ਵਿਚ ਆ ਜਾਂਦਾ ਹੈ। ਪ੍ਰਭੂ ਨਾਲ ਉਸ ਦੇ ਆਤਮਕ ਮੇਲ ਦਾ ਮੁੱਢ ਬੱਝ ਜਾਂਦਾ ਹੈ। ਗੁਰਮਤਿ ਅਨੁਸਾਰ ਰੱਬੀ ਮਿਲਾਪ ਦੇ ਮਹਾਂ-ਕਾਰਜ ਦਾ ਇਹੀ ਪ੍ਰਥਮ ਪੜਾਉ ਅਰਥਾਤ ਅਰੰਭ ਹੈ।
Tags