Guru Granth Sahib Logo
  
ਇਸ ਸ਼ਬਦ ਵਿਚ ਗੁਰ-ਉਪਦੇਸ਼ ਨੂੰ ਨਾ ਸੁਣਨ ਵਾਲੇ ਵਿਅਕਤੀ ਦੀ ਦਸ਼ਾ ਨੂੰ ਉਤਮ-ਪੁਰਖੀ ਸ਼ੈਲੀ ਵਿਚ ਬਿਆਨ ਕੀਤਾ ਗਿਆ ਹੈ। ਸ਼ਬਦ ਦੇ ਅੰਤ ਵਿਚ ਆਪਣੇ ਅਵਗੁਣਾਂ ਨੂੰ ਸਵਿਕਾਰ ਕਰਕੇ ਮਨੁਖ ਨੂੰ ਪ੍ਰਭੂ ਅਗੇ ਜੋਦੜੀ ਕਰਨ ਦੀ ਜਾਚ ਸਿਖਾਈ ਗਈ ਹੈ ਕਿ ਪ੍ਰਭੂ ਦੀ ਸ਼ਰਣ ਪੈ ਕੇ ਹੀ ਮਨੁਖ ਵਿਕਾਰਾਂ ਤੋਂ ਬਚ ਸਕਦਾ ਹੈ।
ਸਾਰੰਗ   ਮਹਲਾ

ਮਨ ਕਰਿ ਕਬਹੂ ਹਰਿ ਗੁਨ ਗਾਇਓ
ਬਿਖਿਆਸਕਤ ਰਹਿਓ ਨਿਸਿ ਬਾਸੁਰ   ਕੀਨੋ ਅਪਨੋ ਭਾਇਓ ॥੧॥ ਰਹਾਉ
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ   ਪਰ ਦਾਰਾ ਲਪਟਾਇਓ
ਪਰ ਨਿੰਦਾ ਕਾਰਨਿ ਬਹੁ ਧਾਵਤ   ਸਮਝਿਓ ਨਹ ਸਮਝਾਇਓ ॥੧॥
ਕਹਾ ਕਹਉ ਮੈ ਅਪੁਨੀ ਕਰਨੀ   ਜਿਹ ਬਿਧਿ ਜਨਮੁ ਗਵਾਇਓ
ਕਹਿ ਨਾਨਕ  ਸਭ ਅਉਗਨ ਮੋ ਮਹਿ   ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
-ਗੁਰੂ ਗ੍ਰੰਥ ਸਾਹਿਬ ੧੨੩੧-੧੨੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਅਜਿਹੇ ਮਨੁਖ ਦਾ ਹਾਲ ਦੱਸਦੇ ਹਨ ਜਿਸ ਨੇ ਕਦੇ ਵੀ ਮਨ-ਚਿੱਤ ਲਾ ਕੇ ਜਾਂ ਦਿਲੋਂ ਹਰੀ-ਪ੍ਰਭੂ ਦਾ ਨਾਮ-ਸਿਮਰਨ ਜਾਂ ਗੁਣ-ਗਾਇਨ ਨਹੀਂ ਕੀਤਾ। ਜਿਹੜਾ ਦਿਨ-ਰਾਤ ਵਿਸ਼ੇ-ਵਿਕਾਰਾਂ ਵਿਚ ਰੁਚੀ ਲੈਂਦਾ ਰਿਹਾ ਹੈ ਤੇ ਉਸ ਨੇ ਹਮੇਸ਼ਾ ਉਹੀ ਕੁਝ ਕੀਤਾ ਜੋ ਕੁਝ ਉਸ ਨੂੰ ਚੰਗਾ ਲੱਗਦਾ ਰਿਹਾ ਹੈ। ਮਨੁਖ ਨੂੰ ਅਜਿਹੇ ਹਾਲ ਤੋਂ ਸੁਚੇਤ ਕਰਨਾ ਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਮਨੁਖ ਨੇ ਆਪਣੇ ਕੰਨਾਂ ਨਾਲ ਕਦੇ ਵੀ ਗੁਰੂ ਦੀ ਸਿੱਖਿਆ ਜਾਂ ਉਪਦੇਸ਼ ਨਹੀਂ ਸੁਣਿਆ। ਇਹ ਹਮੇਸ਼ਾ ਪਰਾਈਆਂ ਔਰਤਾਂ ਵਿਚ ਹੀ ਦਿਲਚਸਪੀ ਲੈਂਦਾ ਰਿਹਾ ਹੈ। ਪਾਤਸ਼ਾਹ ਦੱਸਦੇ ਹਨ ਕਿ ਇਸ ਨੂੰ ਬਥੇਰਾ ਸਮਝਾਇਆ ਪਰ ਇਹ ਪਰਾਈ ਨਿੰਦਿਆ-ਚੁਗਲੀ ਵਿਚ ਹੀ ਰੁਚੀ ਲੈਂਦਾ ਰਿਹਾ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਅਜਿਹੇ ਮਨੁਖ ਦੇ ਮਨ ਦੀ ਅਵਾਜ਼ ਬਣਦੇ ਹਨ ਕਿ ਉਹ ਆਪਣੀ ਕਰਨੀ ਬਾਰੇ ਕੀ ਦੱਸਣ ਕਿ ਉਨ੍ਹਾਂ ਨੇ ਆਪਣਾ ਜੀਵਨ ਕਿਸ ਤਰ੍ਹਾਂ ਵਿਅਰਥ ਗੁਆ ਲਿਆ ਹੈ। ਫਿਰ ਪਾਤਸ਼ਾਹ ਦੱਸਦੇ ਹਨ ਅਸਲ ਵਿਚ ਸਾਰੇ ਔਗੁਣ ਤਾਂ ਆਪਣੇ ਅੰਦਰ ਹੀ ਹਨ। ਇਸ ਲਈ ਪ੍ਰਭੂ ਅੱਗੇ ਹੀ ਅਰਦਾਸ ਹੈ ਕਿ ਉਹ ਸ਼ਰਨ ਆਏ ਦੀ ਪੱਤ ਰਖ ਲਵੇ, ਅਰਥਾਤ ਆਪਣੇ ਗਲੇ ਲਗਾ ਲਵੇ।
Tags