Guru Granth Sahib Logo
  
ਇਸ ਸ਼ਬਦ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ। ਮਨੁਖ ਨੂੰ ਸੰਸਾਰਕ ਪਦਾਰਥਾਂ ਦਾ ਹੰਕਾਰ ਤਿਆਗ ਕੇ, ਪ੍ਰਭੂ ਨਾਲ ਜੁੜੇ ਹੋਏ ਵਿਅਕਤੀਆਂ ਦੀ ਸੰਗਤ ਕਰਨੀ ਚਾਹੀਦੀ ਹੈ। ਪ੍ਰਭੂ-ਸਿਮਰਨ ਤੋਂ ਬਿਨਾਂ ਸਦੀਵੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸਾਰੰਗ   ਮਹਲਾ

ਕਹਾ ਮਨ  ਬਿਖਿਆ ਸਿਉ ਲਪਟਾਹੀ
ਯਾ ਜਗ ਮਹਿ ਕੋਊ ਰਹਨੁ ਪਾਵੈ   ਇਕਿ ਆਵਹਿ  ਇਕਿ ਜਾਹੀ ॥੧॥ ਰਹਾਉ
ਕਾਂ ਕੋ ਤਨੁ ਧਨੁ  ਸੰਪਤਿ ਕਾਂ ਕੀ   ਕਾ ਸਿਉ ਨੇਹੁ ਲਗਾਹੀ
ਜੋ ਦੀਸੈ  ਸੋ ਸਗਲ ਬਿਨਾਸੈ   ਜਿਉ ਬਾਦਰ ਕੀ ਛਾਹੀ ॥੧॥
ਤਜਿ ਅਭਿਮਾਨੁ  ਸਰਣਿ ਸੰਤਨ ਗਹੁ   ਮੁਕਤਿ ਹੋਹਿ ਛਿਨ ਮਾਹੀ
ਜਨ ਨਾਨਕ  ਭਗਵੰਤ ਭਜਨ ਬਿਨੁ   ਸੁਖੁ ਸੁਪਨੈ ਭੀ ਨਾਹੀ ॥੨॥੨॥
-ਗੁਰੂ ਗ੍ਰੰਥ ਸਾਹਿਬ ੧੨੩੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਦੇ ਬਹਾਨੇ ਅਜਿਹੇ ਮਨੁਖ ਨੂੰ ਸਮਝਾਉਂਦੇ ਹਨ, ਜਿਹੜਾ ਵਿਸ਼ੇ-ਵਿਕਾਰਾਂ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਪਾਤਸ਼ਾਹ ਸਵਾਲਨੁਮਾ ਫਿਕਰ ਜ਼ਾਹਿਰ ਕਰਦੇ ਹਨ ਕਿ ਹੇ ਮਨ! ਤੂੰ ਇਨ੍ਹਾਂ ਵਿਸ਼ੇ-ਵਿਕਾਰਾਂ ਵਿਚ ਕਿਉਂ ਉਲਝਿਆਂ ਹੋਇਆ ਹੈਂ। ਜਦਕਿ ਅਸਲੀਅਤ ਇਹ ਹੈ ਕਿ ਇਸ ਸੰਸਾਰ ਵਿਚ ਕੋਈ ਵੀ ਸਦਾ ਵਾਸਤੇ ਨਹੀਂ ਰਹਿ ਸਕਦਾ। ਕਈ ਇਥੇ ਆਉਂਦੇ ਹਨ ਤੇ ਕਈ ਤੁਰ ਜਾਂਦੇ ਹਨ, ਅਰਥਾਤ ਇਹ ਜੀਵਨ ਸਦੀਵੀ ਨਹੀਂ, ਥੋੜ੍ਹ ਚਿਰਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਸਵਾਲ ਦੇ ਰੂਪ ਵਿਚ ਇਸ ਸੰਸਾਰ ਦੀ ਤੁੱਛਤਾ ਦੱਸਦੇ ਹਨ ਕਿ ਇਹ ਸਰੀਰ, ਇਹ ਧਨ-ਦੌਲਤ ਕਿਸ ਦੀ ਹੈ ਤੇ ਇਹ ਜਾਇਦਾਦ ਕਿਸ ਦੀ ਹੈ? ਅਰਥਾਤ ਇਹ ਸਭ ਕੁਝ ਕਿਸੇ ਦਾ ਵੀ ਨਹੀਂ ਹੈ। ਫਿਰ ਸਵਾਲ ਰੂਪ ਵਿਚ ਸਮਝਾਉਂਦੇ ਹਨ ਕਿ ਉਹ ਕਾਹਦੇ ਲਈ ਇਸ ਸਭ ਕਾਸੇ ਨਾਲ ਦਿਲ ਲਾਉਂਦਾ ਜਾਂ ਪਿਆਰ ਪਾਉਂਦਾ ਹੈ? ਕਿਉਂਕਿ ਜੋ ਵੀ ਨਜ਼ਰ ਆਉਂਦਾ ਹੈ ਉਹ ਸਭ ਕੁਝ ਇਸ ਤਰ੍ਹਾਂ ਖਤਮ ਹੋ ਜਾਂਦਾ ਹੈ, ਜਿਵੇਂ ਗਰਮੀਆਂ ਦੀ ਧੁੱਪ ਵਿਚ ਬੱਦਲਾਂ ਦਾ ਪਰਛਾਵਾਂ ਆਉਂਦਾ ਤੇ ਜਾਂਦਾ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਉਕਤ ਕਿਸਮ ਦੇ ਮਨੁਖ ਨੂੰ ਸਮਝਾਉਂਦੇ ਹਨ ਕਿ ਜੇ ਉਹ ਆਪਣੇ ਹੰਕਾਰ ਦਾ ਤਿਆਗ ਕਰ ਕੇ ਪ੍ਰਭੂ ਨਾਲ ਜੁੜੇ ਹੋਏ ਭਲੇ ਵਿਅਕਤੀਆਂ ਦੀ ਸ਼ਰਣ ਵਿਚ ਆ ਜਾਵੇ ਤਾਂ ਉਹ ਪਲ-ਛਿਣ ਵਿਚ ਹੀ ਸੰਸਾਰ ਦੇ ਫਜ਼ੂਲ ਕਿਸਮ ਦੇ ਤਮਾਮ ਝਮੇਲਿਆਂ ਤੋਂ ਮੁਕਤ ਹੋ ਸਕਦਾ ਹੈ। ਅਸਲ ਵਿਚ ਪ੍ਰਭੂ ਦੇ ਭਜਨ, ਅਰਥਾਤ ਨਾਮ-ਸਿਮਰਨ ਦੇ ਬਿਨਾਂ ਮਨੁਖ ਸੁਪਨੇ ਵਿਚ ਵੀ ਸੁਖੀ ਨਹੀਂ ਹੋ ਸਕਦਾ ਜਾਂ ਸੁਖ ਦਾ ਸੁਪਨਾ ਵੀ ਨਹੀਂ ਦੇਖ ਸਕਦਾ।
Tags