ਇਸ ਸ਼ਬਦ ਵਿਚ ਦਰਸਾਇਆ ਗਿਆ ਹੈ ਕਿ ਸੰਸਾਰਕ ਰਿਸ਼ਤੇ-ਨਾਤੇ ਅਤੇ ਧਨ-ਦੌਲਤ ਰਾਤ ਦੇ ਸੁਪਨੇ ਵਾਂਗ ਛਿਣ-ਭੰਗਰ ਤੇ ਨਾਸ਼ਮਾਨ ਹਨ। ਹਰੀ ਤੋਂ ਬਿਨਾਂ ਮਨੁਖ ਦਾ ਕੋਈ ਵੀ ਸਥਾਈ ਮਦਦਗਾਰ ਨਹੀਂ ਹੈ। ਇਸ ਲਈ ਮਨੁਖ ਨੂੰ ਹਰੀ ਦਾ ਹੀ ਆਸਰਾ ਤੱਕਣਾ ਚਾਹੀਦਾ ਹੈ।
ੴ ਸਤਿਗੁਰ ਪ੍ਰਸਾਦਿ ॥ ਰਾਗੁ ਸਾਰੰਗ ਮਹਲਾ ੯ ॥ ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥ ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ ਤਨ
ਕੁਝ ਹੱਥ ਲਿਖਤ ਬੀੜਾਂ ਵਿਚ ‘ਤਨੁ’ ਰੂਪ ਵੀ ਮਿਲਦਾ ਹੈ, ਜੋ ਕਿ ਕਰਤਾ ਕਾਰਕ ਹੋਣ ਕਾਰਣ ਦਰੁਸਤ ਜਾਪਦਾ ਹੈ।
ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥ -ਗੁਰੂ ਗ੍ਰੰਥ ਸਾਹਿਬ ੧੨੩੧ ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਨੂੰ ਸਮਝਾਉਂਦੇ ਹਨ ਕਿ ਹਰੀ-ਪ੍ਰਭੂ ਬਿਨਾਂ ਹੋਰ ਕੋਈ ਵੀ ਉਸ ਦਾ ਮਦਦਗਾਰ ਸਾਬਤ ਨਹੀਂ ਹੋ ਸਕਦਾ। ਪਾਤਸ਼ਾਹ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਇਸ ਸੰਸਾਰ ਵਿਚ ਕੌਣ ਕਿਸ ਦਾ ਮਾਂ-ਪਿਓ, ਧੀ-ਪੁੱਤ, ਭੈਣ-ਭਰਾ ਜਾਂ ਪਤਨੀ ਹੈ? ਇਹ ਸਾਰੇ ਸਮਾਜਕ, ਪਰਵਾਰਕ ਜਾਂ ਭਾਈਚਾਰਕ ਰਿਸ਼ਤੇ ਛਿਣ-ਭੰਗਰ ਹਨ, ਪ੍ਰਭੂ ਤੋਂ ਬਿਨਾਂ ਕੋਈ ਕਿਸੇ ਨਾਲ ਨਹੀਂ ਨਿਭਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਅਜਿਹੇ ਮਨੁਖ ਦਾ ਹਵਾਲਾ ਦਿੰਦੇ ਹਨ, ਜਿਸ ਨੇ ਸਾਰੀ ਜਮੀਨ-ਜਾਇਦਾਦ ਅਤੇ ਧਨ-ਦੌਲਤ ਨੂੰ ਹੀ ਆਪਣੀ ਮਲਕੀਅਤ ਸਮਝ ਲਿਆ ਹੈ। ਪਾਤਸ਼ਾਹ ਹੈਰਾਨ ਹੁੰਦੇ ਹਨ ਕਿ ਪਤਾ ਨਹੀਂ ਉਹ ਇਸ ਧਨ-ਦੌਲਤ ਤੇ ਜਮੀਨ-ਜਾਇਦਾਦ ਨਾਲ ਏਨਾ ਕਿਉਂ ਚਿਪਕਿਆ ਰਹਿੰਦਾ ਹੈ? ਕਿਉਂਕਿ ਜਦ ਉਸ ਦੀ ਦੇਹੀ ਦਾ ਅੰਤ ਹੋਣਾ ਹੈ ਤਾਂ ਇਨ੍ਹਾਂ ਵਿਚੋਂ ਕੁਝ ਵੀ ਉਸ ਦੇ ਕੰਮ ਨਹੀਂ ਆਉਣਾ ਜਾਂ ਨਾਲ ਨਹੀਂ ਨਿਭਣਾ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਮਨੁਖ ਦੀ ਤਰਸਜੋਗ ਹਾਲਤ ਇਸ ਕਰਕੇ ਹੁੰਦੀ ਹੈ, ਕਿਉਂਕਿ ਜਿਹੜਾ ਬੇਸਹਾਰਿਆਂ ਦਾ ਸਹਾਰਾ ਹੈ ਤੇ ਹਮੇਸ਼ਾ ਦੁਖਾਂ ਦਾ ਨਾਸ ਕਰਦਾ ਹੈ, ਉਸ ਪ੍ਰਤੀ ਮਨੁਖ ਨੇ ਆਪਣੀ ਦਿਲਚਸਪੀ ਵਿਚ ਕਦੇ ਵਾਧਾ ਨਹੀਂ ਕੀਤਾ ਤੇ ਪਿਆਰ ਨਹੀਂ ਪਾਇਆ। ਇਹ ਸਾਰਾ ਸੰਸਾਰ ਐਵੇਂ ਮਨੌਤ ਮਾਤਰ ਹੈ, ਜਿਵੇਂ ਕਿਸੇ ਨੂੰ ਰਾਤੀਂ ਸੁੱਤੇ ਪਿਆਂ ਸੁਪਨਾ ਆ ਰਿਹਾ ਹੋਵੇ।