ਇਸ
ਸਲੋਕ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ ਕਿ ਸਦਾ-ਥਿਰ ਇਕ ਪ੍ਰਭੂ ਦੀ ਅਰਾਧਨਾ ਕਰਨੀ ਹੀ ਸਾਰਿਆਂ ਵਰਣਾਂ ਅਥਵਾ ਸ਼੍ਰੇਣੀਆਂ ਦਾ ਇਕੋ-ਇਕ ਧਰਮ ਹੈ ਕਿਉਂਕਿ ਪ੍ਰਭੂ ਦੀ ਅਰਾਧਨਾ ਕਰਨ ਵਾਲਾ ਵਿਅਕਤੀ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋ ਕੇ ਉਸੇ ਦਾ ਰੂਪ ਹੀ ਹੋ ਜਾਂਦਾ ਹੈ।
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
ਖੵਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
-ਗੁਰੂ ਗ੍ਰੰਥ ਸਾਹਿਬ ੧੩੫੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਗੁਰੂ ਨਾਨਕ ਪਾਤਸ਼ਾਹ ਵਰਣ ਵਿਵਸਥਾ ਨੂੰ ਮੁਖਾਤਬ ਹੁੰਦੇ ਜਾਪਦੇ ਹਨ। ਇਸ ਵਿਵਸਥਾ ਮੁਤਾਬਕ ਸਮਾਜ ਨੂੰ ਚਾਰ ਵਰਗਾਂ: ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਵਿਚ ਵੰਡਿਆ ਹੋਇਆ ਹੈ ਗਿਆ। ਬ੍ਰਾਹਮਣ ਦਾ ਕੰਮ ਵੇਦ ਪੜ੍ਹਨਾ-ਪੜ੍ਹਾਉਣਾ, ਖੱਤਰੀ ਦਾ ਕੰਮ ਰਾਜ-ਪ੍ਰਬੰਧ ਅਤੇ ਜੰਗ ਲੜਨਾ, ਵੈਸ਼ ਦਾ ਕੰਮ ਵਪਾਰ ਅਤੇ ਸ਼ੂਦਰ ਦਾ ਕੰਮ ਦੂਸਰਿਆਂ ਦੇ ਕੰਮ ਆਉਣਾ ਹੈ। ਇਨ੍ਹਾਂ ਤੋਂ ਇਲਾਵਾ ਇਕ ਯੋਗੀ ਜੋਗੀ ਹਨ, ਜਿਹੜੇ ਆਪਣੇ-ਆਪ ਨਾਲ ਜੁੜਨ ਦਾ ਜਤਨ ਕਰਦੇ ਹਨ ਅਤੇ ਇਸ ਅਭਿਆਸ ਦੇ ਅਰੰਭ ਵਿਚ ਜੋਗ ਕਿਰਿਆ ਵਜੋਂ ਤਪ, ਅਧਿਐਨ ਅਤੇ ਸਮਰਪਣ-ਭਾਵ ਵਿਚ ਵਿਚਰਦੇ ਹਨ। ਉਹ ਇਸ ਸ੍ਵੈ-ਅਧਿਐਨ ਰਾਹੀਂ ਆਪਣੇ ਸ੍ਵੈ ਨਾਲ ਜੁੜਨ ਦਾ ਅਭਿਆਸ ਕਰਦੇ ਹਨ।
ਧਰਮਾਂ ਵਿਚਲੀ ਅਜਿਹੀ ਵਿਵਸਥਾ ਨੇ ਜ਼ਮਾਨੇ ਵਿਚ ਬਖੇੜੇ ਖੜ੍ਹੇ ਕੀਤੇ ਹੋਏ ਸਨ, ਜਿਸ ਨਾਲ ਸਧਾਰਨ ਵਿਅਕਤੀ ਦਾ ਜੀਵਨ ਦੁਸ਼ਵਾਰ ਹੋਇਆ ਪਿਆ ਸੀ। ਪਾਤਸ਼ਾਹ ਇਸ ਸਲੋਕ ਵਿਚ ਇਨ੍ਹਾਂ ਵਿਵਸਥਾਵਾਂ ਦੇ ਵਿਪਰੀਤ ਸਰਬ-ਸਾਂਝੇ ਧਰਮ ਅਰਥਾਤ ਇਕ ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾਉਣ ਦੀ ਗੱਲ ਕਰਦੇ ਹਨ। ਕਿਸੇ ਵੀ ਵਰਗ ਨਾਲ ਸੰਬੰਧਤ ਵਿਅਕਤੀ ਪਾਤਸ਼ਾਹ ਦੇ ਇਸ ਸ੍ਰੇਸ਼ਟ ਧਰਮ ਨੂੰ ਅਪਣਾ ਸਕਦਾ ਹੈ। ਇਸੇ ਸ੍ਰੇਸ਼ਟ ਧਰਮ ਨੂੰ ਹੀ ਉਨ੍ਹਾਂ ਗੁੱਝਾ ਭੇਦ ਦੱਸ ਕੇ ਗਿਆਨ ਦੀ ਸੋਝੀ ਬਖਸ਼ੀ ਹੈ।
ਇਸ ਕਰਕੇ ਪ੍ਰਕਾਰ ਜਿਹੜਾ ਵੀ ਕੋਈ ਗਿਆਨ ਵਿਚ ਏਨਾ ਡੂੰਘਾ ਉੱਤਰ ਜਾਵੇ ਤੇ ਜਾਣ ਲਵੇ ਕਿ ਸਰਬ-ਸਾਂਝਾ ਧਰਮ ਇਕ ਹੀ ਹੈ ਤਾਂ ਪਾਤਸ਼ਾਹ ਉਸ ਨੂੰ ਖੋਟ ਰਹਿਤ ਮੁਕੰਮਲ ਹਸਤੀ ਮੰਨਦੇ ਹੋਏ ਖ਼ੁਦ ਨੂੰ ਉਸ ਦੇ ਸੇਵਕ ਅਨੁਮਾਨਦੇ ਹਨ। ਤੇ ਉਸ ਨੂੰ ਖੋਟ ਰਹਿਤ ਮੁਕੰਮਲ ਹਸਤੀ ਮੰਨਦੇ ਹਨ। ਇਸ ਪ੍ਰਕਾਰ ਇਸ ਸਲੋਕ ਵਿਚ ਪਾਤਸ਼ਾਹ ਵਰਣ ਵਿਵਸਥਾ ਨੂੰ ਰੱਦ ਕਰਦੇ ਹੋਏ ਸਾਰੀ ਮਨੁਖਤਾ ਨੂੰ ਸਰਬ-ਸਾਂਝੇ ਧਰਮ ਨਾਲ ਜੋੜਦੇ ਹਨ।