Guru Granth Sahib Logo
  
ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਕਰਣ-ਕਾਰਣ ਸਮਰਥ ਪ੍ਰਭੂ ਨੂੰ ਪਛਾਨਣ ਤੋਂ ਬਿਨਾਂ ਜੀਵਨ ਸਫਲ ਨਹੀਂ ਹੋ ਸਕਦਾ। ਇਹ ਪਛਾਣ ਗੁਰ-ਸ਼ਬਦ ਦੁਆਰਾ ਹੁੰਦੀ ਹੈ।
ਨਿਹਫਲੰ ਤਸੵ ਜਨਮਸੵ   ਜਾਵਦ ਬ੍ਰਹਮ ਬਿੰਦਤੇ
ਸਾਗਰੰ ਸੰਸਾਰਸੵ   ਗੁਰ ਪਰਸਾਦੀ ਤਰਹਿ ਕੇ
ਕਰਣ ਕਾਰਣ ਸਮਰਥੁ ਹੈ   ਕਹੁ ਨਾਨਕ  ਬੀਚਾਰਿ
ਕਾਰਣੁ ਕਰਤੇ ਵਸਿ ਹੈ   ਜਿਨਿ ਕਲ ਰਖੀ ਧਾਰਿ ॥੨॥
-ਗੁਰੂ ਗ੍ਰੰਥ ਸਾਹਿਬ ੧੩੫੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਨਾਨਕ ਪਾਤਸ਼ਾਹ ਨੇ ਪਿਛਲੇ ਸਲੋਕ ਵਿਚ ਕਰਮ-ਕਾਂਡਾਂ ਨੂੰ ਰੱਦ ਕੀਤਾ ਹੈ। ਇਸ ਸਲੋਕ ਵਿਚ ਆਏ ਸ਼ਬਦ ‘ਕਰਣ’ ਅਤੇ ‘ਕਾਰਣ’ ਕਰਮਵਾਦ ਅਤੇ ਕਰਮ-ਫਲ ਵੱਲ ਸੰਕੇਤ ਕਰਦੇ ਜਾਪਦੇ ਹਨ। ਕਰਮਵਾਦ ਮੁਤਾਬਕ ਹਰ ਕਰਮ ਦਾ ਨਿਸ਼ਚਿਤ ਫਲ ਹੁੰਦਾ ਹੈ, ਜਿਸ ਨੂੰ ਕਰਮ-ਫਲ ਕਹਿੰਦੇ ਹਨ। ਚੰਗੇ ਕਰਮ ਦਾ ਚੰਗਾ ਤੇ ਬੁਰੇ ਕਰਮ ਦਾ ਬੁਰਾ ਫਲ। ਕੋਈ ਕਰਮ ਅਜਿਹਾ ਨਹੀਂ ਹੁੰਦਾ, ਜਿਸ ਦਾ ਫਲ ਨਾ ਹੋਵੇ। ਇਸ ਸਿਧਾਂਤ ਮੁਤਾਬਕ ਰੱਬ ਸਿਰਫ਼ ਕਰਮ-ਫਲ ਦਾਤਾ ਹੈ। ਜਿਹੋ-ਜਿਹਾ ਕਿਸੇ ਦਾ ਕਰਮ ਹੁੰਦਾ ਹੈ, ਉਹੋ ਜਿਹਾ ਫਲ ਦੇ ਦਿੱਤਾ ਜਾਂਦਾ ਹੈ। ਰੱਬ ਆਪਣੇ ਵੱਲੋਂ ਕਿਸੇ ਦੇ ਕਰਮ-ਫਲ ਵਿਚ ਵਾਧਾ ਘਾਟਾ ਨਹੀਂ ਕਰਦਾ।

ਕਈ ਕਰਮ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਫਲ ਉਸੇ ਸਮੇਂ ਮਿਲ ਜਾਂਦਾ ਹੈ। ਜਿਵੇਂ ਕਿਸੇ ਚੀਜ਼ ਨੂੰ ਅੱਗ ਵਿਚ ਸੁੱਟਣਾ ਕਰਮ ਹੈ ਤੇ ਉਸ ਚੀਜ਼ ਦਾ ਅੱਗ ਵਿਚ ਸੜਨਾ ਕਰਮ-ਫਲ ਹੈ। ਇਸ ਕਰਮ-ਫਲ ਵਿਚ ਦੇਰ ਨਹੀਂ ਹੁੰਦੀ। ਅਜਿਹੇ ਕਰਮ ਅਤੇ ਕਰਮ-ਫਲ ਨਾਲੋ-ਨਾਲ ਚੱਲਦੇ ਹਨ। ਕੁਝ ਕਰਮ ਅਜਿਹੇ ਹਨ, ਜਿਹੜੇ ਦੇਰ ਬਾਅਦ ਫਲਦੇ ਹਨ। ਜਿਵੇਂ ਅੱਜ ਕੋਈ ਆਪਣੇ ਬੱਚਿਆਂ ਨਾਲ ਬੁਰਾ ਕਰਦਾ ਹੈ, ਬੁਢਾਪੇ ਵਿਚ ਬੱਚੇ ਉਸ ਨਾਲ ਬੁਰਾ ਕਰਦੇ ਹਨ। ਜੇਕਰ ਅੱਜ ਕੋਈ ਆਪਣੀ ਸਿਹਤ ਦਾ ਖਿਆਲ ਨਹੀਂ ਰਖ ਰਿਹਾ ਤਾਂ ਇਸ ਲਾਪਰਵਾਹੀ ਵਾਲੇ ਕਰਮ ਦਾ ਫਲ ਉਸ ਨੂੰ ਦੇਰ ਬਾਅਦ ਮਿਲਦਾ ਹੈ। ਕੁਝ ਕਰਮ ਅਜਿਹੇ ਹਨ, ਜਿਨ੍ਹਾਂ ਦਾ ਕਰਮ-ਫਲ ਨਿੱਕੀਆਂ ਬੱਚਤਾਂ ਵਾਂਗ ਜਮ੍ਹਾਂ ਹੁੰਦਾ ਰਹਿੰਦਾ ਹੈ ਤੇ ਵੱਡੀ ਰਾਸ਼ੀ ਵਿਚ ਤਬਦੀਲ ਹੋ ਜਾਂਦਾ ਹੈ, ਜਿਸ ਦਾ ਭੁਗਤਾਨ ਅਗਲੇ ਜਨਮਾਂ ਵਿਚ ਹੁੰਦਾ ਮੰਨਿਆ ਜਾਂਦਾ ਹੈ। ਇਸ ਨੂੰ ਸੰਚਿਤ ਕਰਮ ਕਹਿੰਦੇ ਹਨ। ਜਨਮ-ਮਰਨ ਜਾਂ ਆਵਾਗਵਣ ਅਜਿਹੇ ਸੰਚਿਤ ਕਰਮਾਂ ਦਾ ਪਰਿਣਾਮ ਜਾਂ ਕਰਮ-ਫਲ ਹੁੰਦਾ ਹੈ।

ਇਸ ਸਲੋਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਹੜੇ ਲੋਕ ਗੁਰਮਤਿ-ਗਿਆਨ ਅਰਥਾਤ ਸੱਚ ਦੀ ਖੋਜ ਨਹੀਂ ਕਰਦੇ, ਉਹ ਕਰਮਵਾਦ ਦੇ ਚੱਕਰ ਵਿਚ ਘਿਰ ਕੇ ਆਪਣਾ ਮਨੁਖਾ ਜਨਮ ਵਿਅਰਥ ਗੁਆ ਲੈਂਦੇ ਹਨ। ਕਰਮ-ਫਲ ਦੇ ਇਸ ਭਵਜਲ ਵਿਚੋਂ ਉਹੀ ਤਰ ਸਕਦੇ ਹਨ, ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿਚ ਗਿਆਨ ਹਾਸਲ ਕਰ ਲਿਆ ਹੈ ਅਤੇ ਇਸ ਗਿਆਨ ਦੇ ਸਹਾਰੇ ਹੀ ਉਹ ਪ੍ਰਭੂ ਨਾਲ ਜੁੜਦੇ ਹਨ। ਗੁਰਮਤਿ ਦੀ ਵਿਚਾਰ ਦੱਸਦੀ ਹੈ ਕਿ ਅਸਲ ਵਿਚ ਕਰਮ, ਉਸ ਕਰਮ ਦਾ ਕਾਰਣ ਅਤੇ ਕਰਮ-ਫਲ ਦਾਤਾ ਪ੍ਰਭੂ ਆਪ ਹੈ ਤੇ ਉਹੀ ਬੁਰੇ ਕਰਮਾਂ ਦੇ ਬੁਰੇ ਕਰਮ-ਫਲ ਦੇ ਸਮੇਂ ਵਿਚ ਸਹਾਈ ਹੁੰਦਾ ਹੈ। ਇਸ ਲਈ ਉਸ ਨਾਲ ਜੁੜਨਾ ਬੇਹੱਦ ਜਰੂਰੀ ਹੈ।
Tags