ਇਸ
ਸਲੋਕ ਵਿਚ ਦਰਸਾਇਆ ਗਿਆ ਹੈ ਕਿ ਪ੍ਰੇਮ ਅਤੇ ਭਰੋਸੇ ਨਾਲ ਪ੍ਰਭੂ ਦੀ ਭਗਤੀ ਕਰਨੀ ਹੀ ਮਨੁਖਾ ਜੀਵਨ ਦਾ ਸਹੀ ਮਾਰਗ ਹੈ। ਇਸ ਤੋਂ ਬਿਨਾਂ ਹੋਰ ਵਿਖਾਵੇ ਦੇ ਕਰਮ-ਕਾਂਡੀ ਸਾਧਨ ਫਜੂਲ ਹਨ। ਇਹ ਸੋਝੀ ਗੁਰ-ਸ਼ਬਦ ਰਾਹੀਂ ਹੀ ਪ੍ਰਾਪਤ ਹੁੰਦੀ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਸਲੋਕ ਸਹਸਕ੍ਰਿਤੀ ਮਹਲਾ ੧ ॥
ਪੜਿ੍ ਪੁਸ੍ਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥
ਮੁਖਿ ਝੂਠੁ ਬਿਭੂਖਨ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥
ਜੋ ਜਾਨਸਿ ਬ੍ਰਹਮੰ ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥
ਕਹੁ ਨਾਨਕ ਨਿਸਚੌ ਧੵਿਾਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੧॥
-ਗੁਰੂ ਗ੍ਰੰਥ ਸਾਹਿਬ ੧੩੫੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵੇਦਾਂ ਦੇ ਪਹਿਲੇ ਭਾਗ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿਸ-ਕਿਸ ਵਿਧੀ, ਮੰਤਰ ਅਤੇ ਯੱਗ ਨਾਲ ਕਾਰਜਾਂ ਅਤੇ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਵੇਦਾਂ ਦੇ ਦੂਜੇ ਭਾਗ ਨੂੰ ਗਿਆਨ ਕਾਂਡ ਕਿਹਾ ਜਾਂਦਾ ਹੈ। ਇਸ ਵਿਚ ਕਰਮ ਦੀ ਬਜਾਏ ਗਿਆਨ ਨੂੰ ਮੁਕਤੀ ਅਤੇ ਕਲਿਆਣ ਦਾ ਸਾਧਨ ਦਰਸਾਇਆ ਗਿਆ ਹੈ।
ਇਨ੍ਹਾਂ ਦੋ ਕਾਂਡਾਂ ’ਤੇ ਅਧਾਰਤ ਭਾਰਤ ਵਿਚ ਦੋ ਪਰੰਪਰਾਵਾਂ ਦਾ ਪ੍ਰਚਲਨ ਹੋਇਆ। ਪਹਿਲੀ ਪਰੰਪਰਾ ਬਾਹਰਮੁਖੀ ਕਰਮ-ਕਾਂਡ, ਅਰਚਾ, ਪੂਜਾ, ਯੱਗ, ਬਲੀ, ਪਵਿੱਤਰ, ਅਪਵਿੱਤਰ, ਸਮਾਜੀ ਊਚ-ਨੀਚ, ਭੇਦ-ਭਾਵ ਅਤੇ ਜਾਤ-ਪਾਤ ’ਤੇ ਬਲ ਦਿੰਦੀ ਹੋਈ ਆਰੀਆ ਨਸਲ ਤੇ ਆਪਣੇ/ਹਿੰਦੁਸਤਾਨ ਦੇਸ਼ ਨੂੰ ਸਰਵਸ੍ਰੇਸ਼ਟ ਅਤੇ ਸੰਸਕ੍ਰਿਤ ਨੂੰ ਦੇਵ-ਬਾਣੀ ਮੰਨਦੀ ਹੈ। ਦੂਜੀ ਪਰੰਪਰਾ ਹਰ ਕਿੱਤੇ, ਖ਼ਿੱਤੇ, ਜਾਤ ਅਤੇ ਨਸਲ ਨੂੰ ਆਤਮਕ ਅਤੇ ਸਮਾਜਕ ਤੌਰ ’ਤੇ ਬਰਾਬਰ ਮੰਨਦੀ ਹੋਈ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਦੀ ਹੈ ਤੇ ਲੋਕ-ਭਾਸ਼ਾ, ਪ੍ਰਾਕਿਰਤ ਜਾਂ ਸਹਸਕ੍ਰਿਤ ਨੂੰ ਆਤਮਕ ਉੱਨਤੀ ਅਤੇ ਸੱਭਿਆਚਾਰਕ ਪ੍ਰਗਟਾਵੇ ਦਾ ਸਮਰਥ ਸਾਧਨ ਮੰਨਦੀ ਹੈ।
ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿਚ ਅੰਤਰ ਹੁੰਦਾ ਹੈ। ਉਹ ਲੋਕ ਬਾਹਰੀ ਰੂਪ ਵਿਚ ਭਾਵੇਂ ਧਾਰਮਕ ਹੋਣ, ਪਰ ਆਪਣੀਆਂ ਅੰਤਰੀਵ ਰੁਚੀਆਂ ਪੱਖੋਂ ਧਾਰਮਕ ਨਹੀਂ ਹੁੰਦੇ। ਉਹ ਧਾਰਮਕ ਗੱਲਾਂ ਅਤੇ ਕਿਰਿਆ-ਕਰਮ ਕਰਦੇ ਹਨ, ਪਰ ਉਨ੍ਹਾਂ ਦੇ ਅਮਲ ਬੜੇ ਹੀ ਗ਼ੈਰ ਜ਼ਿੰਮੇਵਾਰਾਨਾ ਅਤੇ ਬਦਇਖ਼ਲਾਕੀ ਹੁੰਦੇ ਹਨ। ਅਜਿਹੇ ਲੋਕ ਦੰਭੀ ਅਤੇ ਪਖੰਡੀ ਕਹੇ ਜਾਂਦੇ ਹਨ। ਇਨ੍ਹਾਂ ਨੂੰ ਗਿਆਨਮਈ ਉਪਦੇਸ਼ ਅਤੇ ਸੰਗਤ ਦੀ ਸਹਾਇਤਾ ਨਾਲ ਸੱਚੇ ਮਾਰਗ ’ਤੇ ਲਿਆਂਦਾ ਜਾ ਸਕਦਾ ਹੈ।
ਸਹਸਕ੍ਰਿਤੀ ਬਾਣੀ ਦੇ ਇਸ ਸਲੋਕ ਵਿਚ ਗੁਰੂ ਨਾਨਕ ਪਾਤਸ਼ਾਹ ਅਜਿਹੀ ਕਿਸਮ ਦੇ ਕਰਮ-ਕਾਂਡੀ ਅਤੇ ਦੰਭੀ ਪੰਡਤ ਨੂੰ ਬੇਪਰਦ ਕਰਦੇ ਹਨ, ਜਿਹੜਾ ਧਾਰਮਕ ਪੁਸਤਕਾਂ ਪੜ੍ਹਦਾ ਹੈ, ਸਵੇਰੇ-ਸ਼ਾਮੀਂ ਮੰਤਰ ਰਟਦਾ ਹੈ, ਕਥਾ-ਵਾਰਤਾ ਕਰਦਾ ਹੈ, ਪੱਥਰ ਪੂਜਦਾ ਹੈ, ਬਗਲੇ ਵਾਂਗ ਸਮਾਧੀ ਵੀ ਲਾਉਂਦਾ ਹੈ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ। ਤਿੰਨ ਵੇਲੇ ਗਾਇਤਰੀ ਮੰਤਰ ਪੜ੍ਹਦਾ ਹੈ, ਗਲ਼ ਵਿਚ ਮਾਲ਼ਾ ਪਾਉਂਦਾ ਹੈ, ਮੱਥੇ ’ਤੇ ਤਿਲਕ ਲਾਉਂਦਾ ਹੈ, ਦੋ ਧੋਤੀਆਂ ਤੇ ਸਿਰ ਉੱਤੇ ਕੱਪੜਾ ਰਖਦਾ ਹੈ। ਉਸ ਨੂੰ ਅਧਿਆਤਮਕ ਗਿਆਨ ਨਹੀਂ, ਜਿਸ ਕਾਰਣ ਉਹ ਫੋਕਟ ਕਰਮ-ਕਾਂਡਾਂ ਵਿਚ ਉਲਝਿਆ ਰਹਿੰਦਾ ਹੈ। ਪਰ ਜੇਕਰ ਉਹ ਆਸਥਾ ਨਾਲ ਗੁਰੂ ਦੇ ਦੱਸੇ ਮਾਰਗ ਦਾ ਧਿਆਨ ਧਰੇ ਤਾਂ ਉਸ ਨੂੰ ਮੁਕਤੀ ਮਾਰਗ ਲੱਭ ਸਕਦਾ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਸਹਸਕ੍ਰਿਤੀ ਦੇ ਇਸ ਸਲੋਕ ਵਿਚ ਬੜੇ ਢੁਕਵੇਂ ਅਤੇ ਦਿਲਕਸ਼ ਅੰਦਾਜ਼ ਵਿਚ ਕਰਮ-ਕਾਂਡੀ ਪਰੰਪਰਾ ਨੂੰ ਰੱਦ ਕਰਕੇ ਗੁਰ-ਸ਼ਬਦ ਦੀ ਗਿਆਨ-ਪਰੰਪਰਾ ਅਰਥਾਤ ਗੁਰਮਤਿ-ਗਿਆਨ ਦੀ ਪ੍ਰੋੜਤਾ ਕੀਤੀ ਹੈ।