Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਮਹਲ ਨਿਸਖਣ ਰਹਿ ਗਏ   ਵਾਸਾ ਆਇਆ ਤਲਿ
ਗੋਰਾਂ ਸੇ ਨਿਮਾਣੀਆ   ਬਹਸਨਿ ਰੂਹਾਂ ਮਲਿ
ਆਖੀਂ ਸੇਖਾ ਬੰਦਗੀ   ਚਲਣੁ ਅਜੁ ਕਿ ਕਲਿ ॥੯੭॥ 
-ਗੁਰੂ ਗ੍ਰੰਥ ਸਾਹਿਬ ੧੩੮੨-੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸੰਸਾਰ ਦੇ ਮੋਹ ਵਿਚ ਫਸੇ ਬੰਦੇ ਨੂੰ ਸਮਝਾ ਰਹੇ ਹਨ ਕਿ ਇਸ ਦੁਨੀਆ ਵਿਚ ਜਿਨ੍ਹਾਂ ਵਡੇ-ਵਡੇ ਅਤੇ ਸ਼ਾਨਦਾਰ ਘਰਾਂ ਵਿਚ ਕਦੇ ਪੂਰੀਆਂ ਰੌਣਕਾਂ ਲੱਗਦੀਆਂ ਸਨ, ਪੂਰੀ ਚਹਿਲ-ਪਹਿਲ ਸੀ, ਉਹ ਬੇਅਬਾਦ ਤੇ ਸੁੰਞੇ ਪਏ ਹੋਏ ਹਨ। ਹੁਣ ਸਵਾਲ ਪੈਦਾ ਹੁੰਦਾ ਕਿ ਇਨ੍ਹਾਂ ਵਿਚ ਰਹਿਣ ਵਾਲੇ ਕਿਥੇ ਗਏ? ਇਹ ਸੁੰਞੇ ਕਿਉਂ ਹੋ ਗਏ? ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਘਰਾਂ ਅੰਦਰ ਜਿੰਨਾਂ ਦਾ ਵਸੇਬਾ ਸੀ ਉਹ ਸਭ ਲੋਕ ਮਰ-ਮੁੱਕ ਚੁੱਕੇ ਹਨ।

ਬਾਬਾ ਫਰੀਦ ਜੀ ਦੱਸਦੇ ਹਨ ਕਿ ਪੱਕੇ ਮਹੱਲਾਂ ਵਿਚ ਐਸ਼ੋ-ਇਸ਼ਰਤ ਦਾ ਜੀਵਨ ਜੀਣ ਵਾਲੇ ਲੋਕਾਂ ਦਾ ਮਰਨ ਤੋਂ ਪਿੱਛੋਂ ਟਿਕਾਣਾ ਕਬਰਸਤਾਨ ਬਣ ਜਾਂਦਾ ਹੈ, ਰੂਹਾਂ ਉਨ੍ਹਾਂ ਵਿਚਾਰੀਆਂ ਕਬਰਾਂ ਨੂੰ ਮੱਲ ਕੇ ਬਹਿ ਜਾਂਦੀਆਂ ਹਨ। ਮਹਿਲਾਂ ਵਿਚ ਰਹਿਣ ਵਾਲੇ ਲੋਕ ਅਖੀਰ ਕਬਰਾਂ ਵਿਚ ਜਾ ਪੈਂਦੇ ਹਨ। 

ਬਾਬਾ ਫਰੀਦ ਜੀ ਅਸਲ ਵਿਚ ਸਰੀਰ ਦੀ ਨਾਸ਼ਮਾਨਤਾ ਦੀ ਗੱਲ ਕਰਦਿਆਂ ਸਮਝਾ ਰਹੇ ਹਨ ਕਿ ਮਨੁਖ ਨੂੰ ਸੰਸਾਰ ਦਾ, ਪਦਾਰਥਾਂ ਦਾ ਮੋਹ ਤਿਆਗ ਕੇ, ਬੰਦਗੀ ਕਰਕੇ, ਆਪਣਾ-ਆਪ ਸੰਵਾਰਨਾ ਚਾਹੀਦਾ ਹੈ। ਇਸ ਜੀਵਨ ਦਾ ਅਸਲ ਮਨੋਰਥ ਰੱਬੀ-ਮਿਲਾਪ ਹੈ। ਇਸ ਲਈ ਰੱਬ ਦਾ ਸਿਮਰਨ ਕਰਨ ਅਤੇ ਸਬਰ-ਸੰਤੋਖ ਵਿਚ ਰਹਿਣ ਦਾ ਆਦੇਸ਼ ਕਰਦੇ ਹਨ। ਕਿਉਂਕਿ ਬੇਵਜ੍ਹਾ ਭੱਜ-ਦੌੜ ਦਾ ਕੋਈ ਲਾਭ ਨਹੀਂ ਹੈ। ਇਥੇ ਕਿਸੇ ਨੇ ਵੀ ਹਮੇਸ਼ਾ ਬੈਠੇ ਨਹੀਂ ਰਹਿਣਾ, ਬਲਕਿ ਅੱਜ ਨਹੀਂ ਤਾਂ ਕੱਲ੍ਹ ਇਥੋਂ ਜਾਣਾ ਹੀ ਜਾਣਾ ਹੈ। 

ਨੋਟ: ਇਸਲਾਮ ਅਨੁਸਾਰ ਮਨੁਖ ਦੀ ਮੌਤ ਅਤੇ ਕਿਆਮਤ ਦੇ ਦਿਨ ਦੇ ਵਿਚਕਾਰਲੀ ਅਵਸਥਾ ਨੂੰ ਬਰਜ਼ਖ ਕਹਿੰਦੇ ਹਨ। ਮਿਰਤਕ ਦੀ ਰੂਹ ਨੂੰ ਰੱਬੀ ਫੈਸਲੇ ਦੀ ਘੜੀ ਤਕ ਕਬਰ ਵਿਚ ਹੀ ਉਡੀਕ ਕਰਨੀ ਪੈਂਦੀ ਹੈ ਤੇ ਉਥੇ ਹੀ, ਜੀਵਨ ਵਿਚ ਕੀਤੇ ਕੰਮਾਂ ਦੇ ਅਧਾਰ ਉੱਤੇ, ਉਸ ਨੂੰ ਦੁਖ ਸੁਖ ਸਹਿਣੇ ਪੈਂਦੇ ਹਨ। ਇਹੀ ਬਰਜ਼ਖ ਹੈ। 

ਤਿਬਤ ਵਿਚ ਪ੍ਰਚੱਲਤ ਬੁਧ ਧਰਮ ਦੀ ਪੁਸਤਕ ‘ਦਾ ਬੁੱਕ ਔਫ ਦਾ ਡੈੱਡ’ ਵਿਚ ਬਾਰਦੋ ਦੀ ਅਵਸਥਾ ਦਾ ਜ਼ਿਕਰ ਹੈ, ਜਿਸ ਦਾ ਅਰਥ ਹੈ ਦੋਬਾਰ, ਭਾਵ ਦੋ ਦਰਵਾਜ਼ੇ; ਇਕ ਦਰਵਾਜਾ ਇਸ ਜੀਵਨ ਵੱਲ ਖੁੱਲਦਾ ਹੈ ਤੇ ਦੂਜਾ ਦਰਵਾਜਾ ਪੁਨਰ ਜਨਮ ਵਾਲੇ ਜੀਵਨ ਵੱਲ ਖੁੱਲਦਾ ਹੈ। ਮਰਨ ਉਪਰੰਤ ਮਨੁਖ ਦੀ ਆਤਮਾ, ਇਨ੍ਹਾਂ ਦੋ ਦਰਵਾਜਿਆਂ ਦੇ ਵਿਚਕਾਰ ਵਾਲੀ ਅਵਸਥਾ ਵਿਚ, ਜੀਵਨ ਵਿਚ ਕੀਤੇ ਚੰਗੇ ਮਾੜੇ-ਕੰਮਾਂ ਦਾ ਆਤਮ ਚਿੰਤਨ ਕਰਦੀ ਹੈ ਤੇ ਉਸ ਅਨੁਸਾਰ ਦੁਖ-ਸੁਖ ਭੋਗਦੀ ਹੈ। ਫਿਰ ਕਿਤੇ ਉਸ ਦਾ ਅਗਲਾ ਜਨਮ ਹੁੰਦਾ ਹੈ। ਬਰਜ਼ਖ ਤੇ ਬਾਰਦੋ ਦਾ ਅਰਥ ਅਤੇ ਅਭਿਆਸ ਇਕੋ ਜਿਹਾ ਹੀ ਹੈ। ਜਿਸ ਕਾਰਣ ਲੱਗਦਾ ਹੈ ਜਿਵੇਂ ਬੋਧੀ ਬਾਰਦੋ ਦੇ ਵਿਸ਼ਵਾਸ ਨੇ ਹੀ ਇਸਲਾਮ ਵਿਚ ਜਾ ਕੇ ਬਰਜ਼ਖ ਦਾ ਰੂਪ ਵਟਾ ਲਿਆ ਹੋਵੇ ਤੇ ਬਾਬਾ ਫਰੀਦ ਇਸੇ ਅਸਥਾਨ ਦੀ ਗੱਲ ਕਰ ਰਹੇ ਹਨ।

Tags