ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਜੇ ਕਿ ਮਨੁਖ ਆਪਣੇ-ਆਪ ਨੂੰ ਠੀਕ ਕਰ ਲਵੇ, ਭਾਵ ਸੰਜਮ-ਸੰਤੋਖ ਵਿਚ ਆ ਜਾਵੇ। ਮਨ ਅਤੇ ਬੁਧੀ ਕਰਕੇ ਸੰਵਰ ਜਾਵੇ ਤਾਂ ਉਹ ਹਰ ਹਾਲਤ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਸਕੇਗਾ। ਇਸ ਮਿਲਾਪ ਸਦਕਾ ਮਨੁਖ ਦੇ ਦੁਖ-ਦਰਦ ਤੇ ਸੰਤਾਪ ਆਦਿ ਸਭ ਦੂਰ ਹੋ ਜਾਣਗੇ ਤੇ ਉਸ ਦੇ ਜੀਵਨ ਵਿਚ ਸੁਖ ਆ ਜਾਵੇਗਾ।
ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜੇ ਮਨੁਖ ਸੰਸਾਰੀ ਮੋਹ ਨੂੰ ਛੱਡ ਕੇ ਪ੍ਰਭੂ ਨਾਲ ਜੁੜਿਆ ਰਹੇ ਤੇ ਉਸ ਨੂੰ ਆਪਣਾ ਬਣਾਈ ਰਖੇ ਤਾਂ ਇਹ ਸਾਰਾ ਸੰਸਾਰ ਹੀ ਉਸ ਦਾ ਆਪਣਾ ਹੋ ਜਾਵੇਗਾ ਤੇ ਉਹ ਕਿਸੇ ਲਈ ਵੀ ਓਪਰਾ ਨਹੀਂ ਰਹੇਗਾ। ਪ੍ਰਭੂ ਦੇ ਨਾਮ ਨਾਲ ਅਭੇਦ ਹੋਇਆਂ ਹਰ ਤਰ੍ਹਾਂ ਦੀ ਦੂਈ-ਦ੍ਵੈਸ਼ ਅਤੇ ਮੇਰ-ਤੇਰ ਮਿਟ ਜਾਵੇਗੀ। ਸਰਬ ਵਿਆਪੀ ਅਭੇਦਤਾ ਹੀ ਸੁਖੀ ਜੀਵਨ ਦਾ ਸਾਰ ਅਤੇ ਅਧਾਰ ਹੈ।