Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਗੋਰ ਨਿਮਾਣੀ ਸਡੁ ਕਰੇ   ਨਿਘਰਿਆ ਘਰਿ ਆਉ
ਸਰਪਰ ਮੈਥੈ ਆਵਣਾ   ਮਰਣਹੁ ਨਾ ਡਰਿਆਹੁ ॥੯੩॥
ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕਾਂ ਵਿਚ ਜਿਹੋ-ਜਿਹੇ ਮਨੁਖ ਦਾ ਦ੍ਰਿਸ਼ ਚਿਤਰਿਆ ਗਿਆ ਹੈ, ਉਸ ਦੀ ਹਾਲਤ ਅਜਿਹੀ ਹੈ, ਜਿਵੇਂ ਉਹ ਮਰਨ ਕਿਨਾਰੇ ਪੁੱਜਾ ਹੋਇਆ ਹੈ। ਹੋਰ ਤਰਸਜੋਗ ਗੱਲ ਇਹ ਹੈ ਕਿ ਉਸ ਨੇ ਹਾਲੇ ਤਕ ਆਪਣੇ ਅੰਦਰੋਂ ਪ੍ਰਭੂ ਦੀ ਪਛਾਣ ਨਹੀਂ ਕੀਤੀ, ਉਸ ਦੇ ਅੰਦਰ ਜਿਥੇ ਪ੍ਰਭੂ ਦਾ ਨਿਵਾਸ ਹੈ ਉਹੀ ਉਸ ਦੇ ਮਨ ਦਾ ਅਸਲ ਘਰ ਹੈ। ਜਿਤਨਾ ਚਿਰ ਮਨ ਇਸ ਨਿਜ ਘਰ ਵਿਚ ਨਹੀ ਆਵੇਗਾ ਓਨਾਂ ਸਮਾਂ ਰੱਬੀ ਮਿਲਾਪ ਪ੍ਰਾਪਤ ਨਹੀ ਹੋ ਸਕਦਾ।

ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਦੁਨੀਆ ਦੀ ਚਕਾਚੌਂਧ ਵਿਚ ਗਵਾਚੇ ਮਨੁਖ ਦਾ ਜੀਵਨ ਦੇ ਅੰਤਿਮ ਪੜਾਅ ਵੱਲ ਧਿਆਨ ਦਿਵਾਇਆ ਹੈ। ਬਾਬਾ ਫਰੀਦ ਜੀ ਆਖਦੇ ਹਨ ਕਿ ਕਬਰ ਵਿਚਾਰੀ ਤਾਂ ਅਵਾਜਾਂ ਦੇ ਰਹੀ ਹੈ ਕਿ ਹੇ ਇਨਸਾਨ! ਤੂੰ ਜਿਨ੍ਹਾਂ ਮਹਿਲ-ਮਾੜੀਆਂ ਵਿਚ ਰਹਿ ਰਿਹਾਂ ਹੈ, ਇਨ੍ਹਾਂ ਨੇ ਤੇਰਾ ਸਾਥ ਛੱਡ ਦੇਣਾ ਹੈ। ਮੈਂ ਹੀ ਤੇਰਾ ਅਸਲ ਘਰ ਹਾਂ, ਮੇਰੇ ਵੱਲ ਆਉਣ ਦੀ ਤਿਆਰੀ ਕਰ ਲੈ। ਭਾਵ ਸੰਸਾਰੀ ਮੋਹ ਵਿਚ ਪੈ ਕੇ ਮੌਤ ਨੂੰ ਭੁਲਾ ਬੈਠੇ ਇਨਸਾਨ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਮੌਤ ਨੂੰ ਹਮੇਸ਼ਾ ਖਿਆਲ ਵਿਚ ਰਖਣਾ ਚਾਹੀਦਾ ਹੈ। ਮੌਤ ਦੀ ਇਹ ਪੁਕਾਰ ਸੁਣ ਕੇ ਚਾਹੀਦਾ ਹੈ ਕਿ ਮਨੁਖ ਆਪਣੀ ਚਾਰ ਦਿਨਾਂ ਦੀ ਜ਼ਿੰਦਗੀ ਦਾ ਹੰਕਾਰ ਨਾ ਕਰੇ ਸਗੋਂ ਰੱਬ ਜੀ ਦੀ ਭਜਨ-ਬੰਦਗੀ ਕਰੇ।

ਕਬਰ ਮਨੁਖ ਨੂੰ ਇਹ ਵੀ ਦੱਸ ਰਹੀ ਹੈ ਕਿ ਉਸ ਦਾ ਮਰਨਾਂ ਤੈਅ ਹੈ ਤੇ ਉਹ ਕਿਸੇ ਵੀ ਹਾਲਤ ਵਿਚ ਮਰਨ ਤੋਂ ਨਹੀਂ ਬਚ ਸਕਦਾ। ਇਸ ਲਈ ਉਸ ਨੂੰ ਮਰਨ ਤੋਂ ਡਰਨ ਦੀ ਲੋੜ ਨਹੀਂ ਹੈ। ਇਥੇ ਮਨੁਖ ਦੇ ਅੰਦਰੋਂ ਮਰਨ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਮਰਨ ਦੇ ਡਰ ਕਾਰਣ ਹੀ ਉਹ ਪ੍ਰਭੂ-ਮਿਲਾਪ ਤੋਂ ਅਵੇਸਲਾ ਰਹਿੰਦਾ ਹੈ ਤੇ ਉਸ ਨੂੰ ਪ੍ਰਾਪਤ ਕਰਨ ਕਈ ਆਪਣੇ ਅਸਲ ਘਰ ਆਪਣੇ ਹਿਰਦੇ ਅੰਦਰ ਸਿਰ ਨੀਵਾਂ ਕਰਕੇ ਝਾਕ ਤਕ ਨਹੀਂ ਸਕਿਆ। ਬਸ ਬਾਹਰ ਦੀ ਭਟਕਣ ਵਿਚ ਹੀ ਜੀਵਨ ਵਿਅਰਥ ਗੁਆ ਰਿਹਾ ਹੈ।

Tags