ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਇਕ ਐਸੇ ਜਗਿਆਸੂ ਪਾਤਰ ਦੀ ਗੱਲ ਕੀਤੀ ਹੈ ਜੋ ਉਮਰ ਦੇ ਆਖਰੀ ਪੜਾਅ ਉਪਰ ਪਹੁੰਚ ਚੁਕਾ ਹੈ। ਉਸ ਦਾ ਤਨ ਬਿਰਧ ਅਵਸਥਾ ਕਰਕੇ ਸਮੇਂ ਦੇ ਪ੍ਰਭਾਵ ਸਦਕਾ ਬਹੁਤ ਕੰਮਜੋਰ ਹੋ ਚੁੱਕਾ ਹੈ। ਉਸ ਦੀ ਬਸ ਇਕਮਾਤਰ ਇਛਾ ਹੈ ਕਿ ਉਸ ਨੂੰ ਪ੍ਰੀਤਮ ਪਿਆਰੇ ਦਾ ਦਰਸ ਨਸੀਬ ਹੋ ਜਾਵੇ। ਉਸ ਦੇ ਅੰਦਰ ਇਕ ਬੇਚੈਨੀ ਹੈ ਜੋ ਉਸ ਨੂੰ ਬਹੁਤ ਵਿਆਕੁਲ ਕਰ ਰਹੀ ਹੈ ਕਿ ਕਿਤੇ ਉਹ ਰੱਬੀ-ਮਿਲਾਪ ਤੋਂ ਬਿਨਾਂ ਹੀ ਨਾ ਮਰ ਜਾਏ।
ਇਸ ਕਾਰਣ ਜਿਵੇਂ ਪਿਛਲੇ ਸਲੋਕਾਂ ਵਿਚ ਅਸੀਂ ਵੇਖਦੇ ਹਾਂ ਕਿ ਉਹ ਰੱਬ ਪਿਆਰੇ ਪ੍ਰਤੀ ਦਰਸ ਨਾ ਪ੍ਰਾਪਤ ਹੋ ਸਕਣ ਦਾ ਆਪਣਾ ਪਿਆਰਾ ਸ਼ਿਕਵਾ ਜ਼ਾਹਰ ਕਰਦਿਆਂ, ਆਪਣੇ ਆਪ ਨੂੰ ਅਭਾਗਾ ਸਮਝਦਾ ਹੈ। ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਸ ਦੀ ਦੀਦਾਰ ਕਰਨ ਦੀ ਸਿਕ ਵਿਚ ਕੋਈ ਫਰਕ ਪਿਆ ਹੋਵੇ, ਇਹ ਤਾਂ ਸਗੋਂ ਆਉਂਦੇ ਹਰ ਸਾਹ ਨਾਲ ਹੋਰ ਤੀਬਰ ਹੁੰਦੀ ਜਾਂਦੀ ਹੈ। ਇਸ ਲਈ ਉਹ ਆਪਣੇ ਦੋ ਨੇਤਰਾਂ (ਮਨ ਅਤੇ ਬੁਧੀ ਭਾਵ ਵੈਰਾਗ ਅਤੇ ਗਿਆਨ) ਨੂੰ ਬਚਾਉਣ ਲਈ ਜਤਨਸ਼ੀਲ ਹੈ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਦਸਦੇ ਹਨ ਕਿ ਜਗਿਆਸੂ ਦੇ ਜਤਨਾਂ ਨੂੰ ਬੂਰ ਪਿਆ ਹੈ। ਪ੍ਰੇਮ ਭਰੀ ਯਾਦ ਸਦਕਾ ਹੁਣ ਅਹਿਸਾਸ ਹੋਇਆ ਹੈ ਕਿ ਜਿਸ ਪ੍ਰੇਮਸ਼ਰ ਨੂੰ ਮੈਂ ਮਿਲਣਾ ਚਾਹੁੰਦਾ ਸੀ, ਉਹ ਤਾਂ ਮੈਨੂੰ ਮੇਰੇ ਆਪਣੇ ਹਿਰਦੇ ਦੀ ਸੇਜ ਤੇ ਪ੍ਰਾਪਤ ਹੋ ਗਿਆ ਹੈ। ਹੁਣ ਇਹ ਕਾਂ (ਵਿਕਾਰ, ਚਸਕੇ) ਮੇਰੇ ਤੇ ਠੂੰਗੇ ਨਹੀ ਮਾਰ ਸਕਦੇ ਕਿਉਕਿ ਮੇਰਾ ਪਿਆਰਾ ਮੇਰੀ ਰਖਿਆ ਕਰਨ ਵਾਸਤੇ ਮੇਰੇ ਨਾਲ ਹੈ।
ਇਸੇ ਲਈ ਬਾਬਾ ਫਰੀਦ ਜੀ ਆਖ ਰਹੇ ਹਨ ਕਿ ਹੇ ਕਾਵੋਂ! ਹੁਣ ਐਂਵੇਂ ਮੇਰੇ ਸਰੀਰ ਦੇ ਪਿੰਜਰ ਤੇ ਠੂੰਗੇ ਮਾਰਨ ਦੀ ਕੋਸ਼ਿਸ਼ ਨਾ ਕਰਿਓ, ਚੰਗਾ ਤਾਂ ਇਹੋ ਹੈ ਕਿ ਹੁਣ ਇਥੋਂ ਉੱਡ ਜਾਉ ਕਿਉਕਿ ਇਸ ਸਰੀਰ ਅੰਦਰ ਮੇਰਾ ਪਿਆਰਾ ਵਸ ਰਿਹਾ ਹੈ, ਉਸ ਦੇ ਹੁੰਦਿਆਂ ਹੁਣ ਤੁਹਾਡੀ ਕੋਈ ਪੇਸ਼ ਨਹੀ ਚਲਣੀ।
ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਨੂੰ ਕਿਤੇ ਬਾਹਰੋਂ ਢੂੰਢਣ ਦੀ ਲੋੜ ਨਹੀਂ ਹੈ। ਉਹ ਇਸ ਦੇਹੀ ਦੇ ਅੰਦਰ ਹੀ ਵਸਦਾ ਹੈ। ਬਸ ਉਸਨੂੰ ਆਪਣੇ ਅੰਦਰ ਸਮਝਣ ਜਾਂ ਮਹਿਸੂਸ ਕਰਨ ਦੀ ਸੋਝੀ ਅਤੇ ਅਭਿਆਸ ਚਾਹੀਦਾ ਹੈ। ਉਸ ਅਹਿਸਾਸ ਬਗੈਰ ਹੀ ਮਨੁਖ ਪ੍ਰਭੂ ਨੂੰ ਆਪਣੇ ਤੋਂ ਬਾਹਰ ਦੂਰ ਦੁਰਾਡੇ ਮੰਨ ਕੇ ਭਟਕਣ ਵਿਚ ਪੈ ਜਾਂਦਾ ਹੈ ਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।