Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕਾਗਾ ਕਰੰਗ ਢੰਢੋਲਿਆ   ਸਗਲਾ ਖਾਇਆ ਮਾਸੁ
ਦੁਇ ਨੈਨਾ ਮਤਿ ਛੁਹਉ   ਪਿਰ ਦੇਖਨ ਕੀ ਆਸ ॥੯੧॥
ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕ ਵਿਚ ਬਾਬਾ ਫਰੀਦ ਜੀ ਨੇ ਇਕ ਬਜ਼ੁਰਗ ਮਨੁਖ ਦਾ ਦਿਸ਼ ਬਿਆਨ ਕੀਤਾ ਸੀ। ਜਿਸਦਾ ਸਰੀਰ ਹੱਡੀਆਂ ਦੀ ਮੁੱਠ ਬਣ ਚੁੱਕਾ ਹੈ ਅਤੇ ਉਹ ਉਮਰ ਦੇ ਉਸ ਪੜਾਅ ਤੇ ਪਹੁੰਚ ਚੁੱਕਾ ਹੈ, ਜਿੱਥੇ ਉਸਨੂੰ ਕਦੇ ਵੀ ਮੌਤ ਦਾ ਸੱਦਾ ਆ ਸਕਦਾ ਹੈ। ਪਰ ਅਜੇ ਤੱਕ ਉਸਨੂੰ ਰੱਬੀ ਦਰਸ ਪ੍ਰਾਪਤ ਨਹੀਂ ਹੋ ਸਕਿਆ। ਉਸ ਅੰਦਰ ਇਕ ਸ਼ਿਕਵਾ ਵੀ ਹੈ ਕਿ ਹਾਇ ਅਜੇ ਤਕ ਰੱਬ ਨੇ ਸਾਰ ਨਹੀਂ ਲਈ ਹੈ। ਇਸ ਸਲੋਕ ਅੰਦਰ ‘ਸਿਕ’ ਦੀ ਲਗਾਤਾਰਤਾ ਹੈ ਕਿ ਸਰੀਰ ਭਾਵੇਂ ਸੁਕ ਗਿਆ ਹੈ ਪਰ ਨੈਣਾਂ ਅੰਦਰ ਪਿਆਰੇ ਦੇ ਦਰਸ ਦੀ ਅਟੁਟ ਸਿਕ ਹੈ।

ਇਥੇ ਬਾਬਾ ਜੀ ਦੱਸਦੇ ਹਨ ਕਿ ਕਾਵਾਂ ਨੇ ਠੂੰਗੇ ਮਾਰ-ਮਾਰ ਕੇ ਸਾਰਾ ਪਿੰਜਰ ਫਰੋਲ ਮਾਰਿਆ ਹੈ ਤੇ ਭੋਰਾ-ਭਰ ਵੀ ਮਾਸ ਕਿਤੇ ਨਹੀ ਰਹਿਣ ਦਿੱਤਾ। ਐਸੀ ਹਾਲਤ ਵਿਚ ਵੀ ਉਹ ਮਨੁਖ ਇਨ੍ਹਾਂ ਕਾਵਾਂ ਦੇ ਅੱਗੇ ਤਰਲਾ ਲੈ ਰਿਹਾ ਹੈ ਕਿ, ਹੇ ਕਾਵੋਂ! ਮੇਰੀ ਇਕ ਬੇਨਤੀ ਸੁਣ ਲਵੋ, ਮੇਰੇ ਉਤੇ ਬਸ ਏਨਾ ਕੁ ਤਰਸ ਕਰੋ ਕਿ ਮੇਰੀਆਂ ਅੱਖਾਂ ਨੂੰ ਨਾ ਛੇੜਨਾ ਕਿਉਂਕਿ ਮੈਨੂੰ ਅਜੇ ਵੀ ਆਪਣੇ ਪਿਆਰੇ ਪ੍ਰੀਤਮ (ਖੁਦਾ) ਦੇ ਦਰਸ਼ਨਾਂ ਦੀ ਤਾਂਘ ਹੈ।

ਅਸਲ ਵਿਚ ਇਥੇ ਬਾਬਾ ਫਰੀਦ ਜੀ ਮਨੁਖੀ ਜੀਵਨ ਦੀ ਅਹਿਮ ਸਮੱਸਿਆਂ ਦੇ ਸਨਮੁਖ ਕਰ ਰਹੇ ਹਨ ਕਿ ਮਨੁਖ ਦਾ ਸਰੀਰ ਵਿਸ਼ੇ ਭੋਗਾਂ ਦੀ ਖਿੱਚ ਵਿਚ ਫਸਕੇ ਹੌਲੀ ਹੌਲੀ ਸਤਹੀਣ ਹੋ ਜਾਂਦਾ ਹੈ। ਜਵਾਨੀ ਤੋਂ ਬੁੱਢਾਪੇ ਤਕ ਦਾ ਪੰਧ ਤਹਿ ਹੋ ਜਾਂਦਾ ਹੈ ਪਰ ਸੰਸਾਰੀ ਭੋਗਾਂ ਵੱਲੋਂ ਇਹ ਤ੍ਰਿਪਤ ਨਹੀਂ ਹੁੰਦਾ। ਇਸ ਸਲੋਕ ਵਿਚ ‘ਕਾਂ’ ਸ਼ਬਦ ਦੀ ਵਰਤੋਂ ਵਿਕਾਰਾਂ, ਚਸਕਿਆਂ ਦੇ ਰੂਪਕ ਵਜੋਂ ਕਰਕੇ ਦੱਸਿਆ ਗਿਆ ਹੈ ਕਿ ਇਹ ਕਿਵੇ ਮਨੁਖ ਨੂੰ ਸਰੀਰਿਕ ਅਤੇ ਆਤਮਕ ਤਲ ਤੇ ਕੰਮਜ਼ੋਰ ਕਰਕੇ ਨੁਕਸਾਨ ਪਹੁੰਚਾਂਦੇ ਹਨ। ਇਹ ਸੰਸਾਰੀ ਭੋਗਾਂ ਦੇ ਚਸਕਿਆਂ ਰੂਪੀ ਕਾਂ, ਸ਼ੁਭ ਗੁਣਾਂ ਰੂਪੀ ਮਾਸ ਨੂੰ ਚੂੰਡ ਚੂੰਡ ਕੇ ਖਾ ਜਾਂਦੇ ਹਨ।

ਬਾਬਾ ਫਰੀਦ ਜੀ ਦੱਸਦੇ ਨੇ ਉਮਰ ਦੇ ਆਖਰੀ ਪੜਾਅ ਤੇ ਪੁੱਜੇ ਬੰਦੇ ਨੂੰ ਆਪਣੀਆਂ ਤ੍ਰਿਸ਼ਨਾਵਾਂ, ਆਪਣੀਆਂ ਲਾਲਸਾਵਾਂ ਤੇ ਕਾਬੂ ਪਾਉਣਾ ਚਾਹੀਦਾ ਹੈ। ਇਸਦਾ ਤਨ ਚਾਹੇ ਬੁੱਢੇਪੇ ਕਰਕੇ ਸੁਕ ਜਾਵੇ ਪਰ ਹਰ ਹਾਲਤ ਵਿਚ ਇਨ੍ਹਾਂ ਕਾਵਾਂ (ਵਿਕਾਰਾਂ, ਚਸਕਿਆਂ) ਤੋਂ ਮਨ ਅਤੇ ਬੁਧੀ ਰੂਪੀ ਨੇਤਰਾਂ ਨੂੰ ਬਚਾਉਣਾ ਪਵੇਗਾ ਕਿਉਕਿ ਇਨਾਂ ਸਦਕਾ ਹੀ ਪ੍ਰੀਤਮ ਪਿਆਰੇ ਦਾ ਦਰਸ ਹੋ ਸਕਦਾ ਹੈ। ਇਸ ਸਲੋਕ ਅੰਦਰ ਬਾਬਾ ਫਰੀਦ ਜੀ ਨੇ ਰਬੀ ਮਿਲਾਪ ਦੀ ਅਹਿਮੀਅਤ ਨੂੰ ਬਿਆਨ ਕੀਤਾ ਹੈ ਤੇ ਨਾਲ ਹੀ ਇਸ ਮਿਲਾਪ ਲਈ ਕਰਨਾ ਕੀ ਹੈ ਉਹ ਦੱਸਿਆ ਹੈ।

Tags