ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨੑਿ ॥
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸਲਾਮ ਵਿਚ ਰੱਬ ਦੇ ਮਿਲਾਪ ਨੂੰ ਬਹਿਸ਼ਤ ਦੇ ਰੂਪ ਵਿਚ ਚਿਤਵਿਆ ਗਿਆ ਹੈ, ਜਿਥੇ ਮਨੁਖ ਨੂੰ ਮਨ ਭਾਉਂਦੇ ਸੁਖ, ਅਰਾਮ ਅਤੇ ਸੁਆਦਲੇ ਖਾਣੇ ਖਾਣ ਨੂੰ ਮਿਲਦੇ ਹਨ। ਇਸ ਕਾਰਣ ਬਾਬਾ ਫਰੀਦ ਜੀ ਦੱਸਦੇ ਹਨ ਕਿ ਰੱਬੀ ਮਿਲਾਪ ਰੂਪੀ ਬਹਿਸ਼ਤ ਇਸ ਤਰ੍ਹਾਂ ਹੈ ਜਿਵੇਂ ਪੱਕੀਆਂ ਹੋਈਆਂ ਰਸੀਲਿਆਂ ਖਜੂਰਾਂ ਹੋਣ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹੋਣ।
ਅਜਿਹੇ ਦ੍ਰਿਸ਼ ਬਾਰੇ ਸੋਚ ਕੇ ਮਨ ਵਿਚ ਖਿੱਚ ਪੈਦਾ ਹੁੰਦੀ ਹੈ ਕਿ ਮਨੁਖ ਕਿਹੜੀ ਘੜੀ, ਹੋਰ ਸਭ ਕੁਝ ਛੱਡਕੇ ਰੱਬੀ-ਮਿਲਾਪ ਵਾਲੇ ਰਾਹ ਤੁਰ ਪਵੇ। ਫਿਰ ਮਨੁਖ ਨੂੰ ਹੋਰ ਸਭ ਕੰਮ ਵਿਅਰਥ ਲੱਗਣ ਲੱਗਦੇ ਹਨ ਤੇ ਆਪਣਾ ਸਮਾਂ ਬਰਬਾਦ ਹੁੰਦਾ ਮਹਿਸੂਸ ਹੋਣ ਲੱਗਦਾ ਹੈ। ਇਸ ਹਾਲਤ ਵਿਚ ਮਨੁਖ ਰੱਬੀ-ਮਿਲਾਪ ਲਈ ਏਨਾ ਬਿਹਬਲ ਹੋ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਜਿਹੜਾ ਵੀ ਦਿਨ ਬਤੀਤ ਹੋ ਰਿਹਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਦੀ ਉਮਰ ਨੂੰ ਹੱਥ ਪਾ ਰਿਹਾ ਹੋਵੇ ਤੇ ਉਸ ਨੂੰ ਅੰਤ ਵੱਲ ਲਿਜਾ ਰਿਹਾ ਹੋਵੇ। ਇਸ ਤਰ੍ਹਾਂ ਹਰ ਬੀਤ ਰਿਹਾ ਦਿਨ ਘੱਟਦੀ ਉਮਰ ਦਾ ਅਹਿਸਾਸ ਜਗਾਉਂਦਾ ਹੈ ਤੇ ਰੱਬੀ-ਮਿਲਾਪ ਦੀ ਤਾਂਘ ਨੂੰ ਹੋਰ ਤੇਜ ਕਰਦਾ ਹੈ। ਕਿਉਂਕਿ ਰੱਬੀ ਮਿਲਾਪ ਇਸ ਜੀਵਨ ਵਿਚ ਹੀ ਸੰਭਵ ਹੈ, ਮਰਨ ਉਪਰੰਤ ਨਹੀਂ।