ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਗਲਂੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕ ਵਿਚ ਬਾਬਾ ਫਰੀਦ ਜੀ ਨੇ ਗੱਲ ਕੀਤੀ ਸੀ ਕਿ ਸੰਸਾਰ ਰੂਪੀ ਨਦੀ ਵਿਚ ਉਠ ਰਹੀਆਂ ਵਿਸ਼ੇ-ਵਿਕਾਰ ਰੂਪੀ ਲਹਿਰਾਂ ਤੋਂ ਮਨੁਖੀ ਜੀਵਨ ਦੇ ਬੇੜੇ ਨੂੰ ਕੇਵਲ ਗੁਰੂ ਮਲਾਹ ਹੀ ਬਚਾ ਸਕਦਾ ਹੈ। ਇਸ ਸਲੋਕ ਵਿਚ ਦੱਸਿਆ ਹੈ ਕਿ ਗੱਲੀਂ-ਬਾਤੀਂ ਘਰ ਪੂਰਾ ਕਰਨ ਵਾਲੇ ਪਾਖੰਡੀ ਤਾਂ ਬਹੁਤ ਹਨ, ਪਰ ਸੱਚਮੁਚ ਘੁੰਮਣਘੇਰੀਆਂ ਵਿਚੋਂ ਬਾਹਰ ਕੱਢਣ ਵਾਲਾ ਅਤੇ ਤਣ-ਪੱਤਣ ਲਗਾਉਣ ਵਾਲਾ ਢੂੰਢ-ਭਾਲ ਤੋਂ ਬਾਅਦ ਵੀ ਕੋਈ ਨਹੀ ਮਿਲਿਆ। ਸੰਸਾਰ ਵਿਚ ਐਸੇ ਬੇਅੰਤ ਲੋਕ ਹਨ ਜੋ ਆਪਣੇ ਆਪ ਨੂੰ ਪ੍ਰਮੇਸ਼ਰ ਦੇ ਭਗਤ ਆਖਦੇ ਹਨ, ਪਰ ਜਦੋਂ ਉਨ੍ਹਾਂ ਨੂੰ ਖੋਜੋ ਭਾਵ ਉਨ੍ਹਾਂ ਦੀ ਕਥਨੀ ਅਤੇ ਕਰਨੀ ਦੀ ਪੜਤਾਲ ਕਰੋ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਹਾਲਤ ਢੋਲ ਵਰਗੀ ਹੈ, ਜਿਸ ਵਿਚ ਆਵਾਜ਼ ਤਾਂ ਬਹੁਤ ਹੈ ਪਰ ਅੰਦਰ ਖਾਲੀ ਹੈ। ਇਨ੍ਹਾਂ ਪਾਸ ਗੱਲਾਂ ਤਾਂ ਬਹੁਤ ਹਨ ਪਰ ਜੀਵਨ ਵਿਚ ਕੁਝ ਵੀ ਨਹੀ ਹੈ। ਜਦ ਵੀ ਇਨ੍ਹਾਂ ਦੀ ਕਿਤੇ ਲੋੜ ਪੈ ਜਾਵੇ ਤਾਂ ਇਹ ਗਾਇਬ ਹੋ ਜਾਂਦੇ ਹਨ। ਸੁਖਾਂ ਦੇ ਸਾਥੀ ਹਨ ਪਰ ਦੁਖਾਂ ਵਿਚ ਨਹੀਂ ਖਲੋਂਦੇ।
ਦੂਜੇ ਪਾਸੇ ਜੀਵਨ ਨੂੰ ਔਖ ਸਮੇਂ ਸਥਿਰ ਰਖਣ ਵਾਲਾ, ਵਿਸ਼ੇ-ਵਿਕਾਰਾਂ ਵਿਚ ਡੁਬਣ ਤੋਂ ਬਚਾਉਣ ਵਾਲਾ ਅਤੇ ਹਰ ਸਮੇਂ ਅੰਗ-ਸੰਗ ਵਰਤਨ ਵਾਲਾ ਅਸਲ ਸਨੇਹੀ ਨਾ ਮਿਲਣ ਕਾਰਣ ਜਗਿਆਸੂ ਬਹੁਤ ਜਿਆਦਾ ਚਿੰਤਾਤੁਰ ਹੈ। ਇਸ ਦੁਰਲੱਭਤਾ ਦਾ ਕਾਰਨ ਇਹ ਹੈ ਕਿ ਜੋ ਅਸਲ ਵਿਚ ਸਤਸੰਗ ਦੀ ਸਹਾਇਤਾ ਨਾਲ ਨਾਮ ਜਪ ਕੇ ਪ੍ਰਮੇਸ਼ਰ ਦਾ ਮਿਲਾਪ ਹਾਸਲ ਕਰ ਲੈਂਦੇ ਹਨ, ਉਹ ਆਪਣੀ ਪ੍ਰਾਪਤੀ ਦਾ ਢੰਢੋਰਾ ਨਹੀ ਪਿੱਟਦੇ ਸਗੋਂ ‘ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ’ ਤੇ ਅਮਲ ਕਰਦੇ ਹਨ। ਜਿਸ ਕਾਰਨ ਜਗਿਆਸੂ ਦਾ ਮਨ ਦੁਖੀ ਹੈ ਕਿ ਉਸਨੂੰ ਇਹੋ-ਜਿਹੇ ਭਲੇ ਪੁਰਖ ਦਾ ਸੰਗ ਨਹੀ ਪ੍ਰਾਪਤ ਹੋ ਰਿਹਾ, ਜੋ ਉਸਨੂੰ ਦੁਖਾਂ ਦੀ ਨਦੀ ਵਿਚੋਂ ਪਾਰ ਲਗਾ ਸਕੇ। ਐਸਾ ਸੱਜਣ ਗੁਰੂ ਹੀ ਹੋ ਸਕਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜੇ ਪਿਛਲੇ ਸਲੋਕ ਵਿਚ ਗੁਰੂ ਦੀ ਮਹਿਮਾ ਬਿਆਨ ਕੀਤੀ ਸੀ ਤਾਂ ਇਸ ਸਲੋਕ ਵਿਚ ਉਸਦੀ ਪ੍ਰਾਪਤੀ ਦੀ ਦੁਰਲੱਭਤਾ ਨੂੰ ਬਿਆਨਿਆ ਗਿਆ ਹੈ।