ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਆਪਣੇ ਪਿਛਲੇ ਸਲੋਕ ਦੇ ਭਾਵ ਨੂੰ ਵਿਸਥਾਰ ਦਿੰਦਿਆਂ ਫਿਰ ਨਦੀ, ਬੇੜੇ, ਤੂਫਾਨ ਅਤੇ ਮਲਾਹ ਵਰਗੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ। ਜਿਵੇਂ ਆਪਾਂ ਵੇਖਦੇ ਹਾਂ ਕਿ ਨਦੀਆਂ ਵਿਚ ਜਿਥੇ ਵਹਿਣ ਤੇਜ ਹੋ ਜਾਂਦਾ ਹੈ, ਉਥੇ ਲਹਿਰਾਂ ਵੀ ਉਠ ਖਲੋਂਦੀਆਂ ਹਨ ਜੋ ਨਦੀ ਦੇ ਕਿਨਾਰਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੀਆ ਹਨ। ਇਸ ਭਿਆਨਕ ਸਮੇਂ ਜੇਕਰ ਕਿਸੇ ਸੂਝਵਾਨ ਅਤੇ ਸਿਆਣੇ ਮਲਾਹ ਦੇ ਹੱਥ ਵਿਚ ਬੇੜੀ ਹੋਵੇ ਤਾਂ ਉਹ ਬਿਨਾਂ ਕਿਸੇ ਨੁਕਸਾਨ ਦੇ ਉਸ ਵੇਗ ਵਿਚੋਂ ਸੁਰੱਖਿਅਤ ਬਾਹਰ ਕੱਢ ਲੈਂਦਾ ਹੈ।
ਬਾਬਾ ਫਰੀਦ ਜੀ ਇਸ ਸਲੋਕ ਵਿਚ ਸਮਝਾ ਰਹੇ ਹਨ ਕਿ ਇਹ ਸੰਸਾਰ ਇਕ ਨਦੀ ਦੇ ਵਾਂਗ ਹੈ, ਵਿਸ਼ੇ-ਵਿਕਾਰ, ਔਗੁਣ, ਬੁਰਿਆਈਆਂ ਇਸ ਵਿਚ ਉਠੀਆਂ ਛੱਲਾਂ ਵਾਂਗ ਹਨ, ਜੋ ਇਸ ਦੇ ਕਿਨਾਰਿਆਂ ਨੂੰ ਭਾਵ ਸਮਾਜਕ ਮਰਿਆਦਾ ਨੂੰ ਢਾਅ ਨੂੰ ਲਾ ਰਹੀਆਂ ਹਨ। ਮਨੁਖਾਂ ਜੀਵਨ ਇਕ ਬੇੜੇ ਦੀ ਨਿਆਈ ਹੈ ਜੋ ਸੰਸਾਰ ਰੂਪੀ ਨਦੀ ਵਿਚ ਚਲ ਰਿਹਾ ਹੈ। ਪੈਰ-ਪੈਰ ’ਤੇ ਇਸ ਨੂੰ ਇਨ੍ਹਾਂ ਵਿਸ਼ੇ-ਵਿਕਾਰ ਰੂਪੀ ਲਹਿਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਅਣਜਾਣ ਮਲਾਹ ਆਪਣੀ ਅਗਿਆਨਤਾ ਕਾਰਣ ਇਨ੍ਹਾਂ ਦੀ ਭੇਟ ਚੜ੍ਹ ਜਾਂਦੇ ਹਨ, ਭਾਵ ਜੋ ਆਪਣੀ ਮਤ ਅਨੁਸਾਰ ਆਪਣਾ ਜੀਵਨ ਜਿਉਣਾ ਚਾਹੁੰਦੇ ਹਨ, ਉਹ ਫਿਰ ਘੁੰਮਣ-ਘੇਰੀਆਂ ਵਿਚ ਉਲਝ ਜਾਂਦੇ ਹਨ। ਪਰ ਜਿਨ੍ਹਾਂ ਨੇ ਆਪਣਾ ਮਲਾਹ ਗੁਰੂ ਨੂੰ ਮੰਨ ਲਿਆ, ਉਨ੍ਹਾਂ ਦੇ ਜੀਵਨ ਰੂਪੀ ਬੇੜੇ ਦਾ ਇਹ ਲਹਿਰਾਂ ਕੁਝ ਨਹੀ ਵਿਗਾੜ ਪਾਉਂਦੀਆਂ ਭਾਵ ਜਿਨ੍ਹਾਂ ਨੇ ਗੁਰੂ ਦੀ ਮਤ ਅਨੁਸਾਰ ਆਪਣਾ ਜੀਵਨ ਬਣਾ ਲਿਆ ਉਹ ਵਿਕਾਰਾਂ ਦੇ ਤੂਫਾਨ ਦੀ ਲਪੇਟ ਵਿਚ ਆਉਣ ਤੋਂ ਬਚ ਜਾਂਦੇ ਹਨ। ਅਜਿਹੇ ਲੋਕ ਹਮੇਸ਼ਾ ਸ਼ਾਂਤ ਚਿਤ ਅਤੇ ਖੇੜੇ ਵਿਚ ਰਹਿੰਦੇ ਹੋਏ ਜੀਵਨ ਬਸਰ ਕਰਦੇ ਹਨ। ਉਨ੍ਹਾਂ ਦਾ ਬੇੜਾ ਪਾਰ ਲੱਗ ਜਾਂਦਾ ਹੈ।