Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਡੁਖਾ ਸੇਤੀ ਦਿਹੁ ਗਇਆ   ਸੂਲਾਂ ਸੇਤੀ ਰਾਤਿ
ਖੜਾ ਪੁਕਾਰੇ ਪਾਤਣੀ   ਬੇੜਾ ਕਪਰ ਵਾਤਿ ॥੮੫॥
-ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਨਦੀ ਦੇ ਵਹਿਣ ਜਿਹੇ ਲੰਮੇਰੇ ਜੀਵਨ ਵਿਚ ਦੁਖਾਂ ਭਰੇ ਦਿਨ ਬੀਤ ਰਹੇ ਹਨ ਤੇ ਰਾਤ ਇਸ ਤਰ੍ਹਾਂ ਬੀਤ ਰਹੀ ਹੈ, ਜਿਵੇਂ ਕੋਈ ਕੰਡਿਆਂ ਉੱਤੇ ਪਿਆ ਹੋਵੇ। ਭਾਵ, ਨਾ ਦਿਨੇ ਚੈਨ ਆਉਂਦਾ ਹੈ ਤੇ ਨਾ ਰਾਤ ਨੂੰ ਹੀ ਨੀਂਦ ਆਉਂਦੀ ਹੈ। ਇਹ ਦੁਖ ਕੋਈ ਹੋਰ ਨਹੀਂ, ਬਲਕਿ ਇਥੇ ਸੂਲਾਂ ਦੇ ਮੁਹਾਵਰੇ ਵਿਚ ਵਿਸ਼ੇ-ਵਿਕਾਰਾਂ ਕਾਰਣ ਬੇਹਾਲ ਹੋਏ ਜੀਵਨ ਦੀ ਹੀ ਗੱਲ ਕੀਤੀ ਗਈ ਹੈ।

ਫਿਰ ਉਦਾਹਰਣ ਦਿੰਦਿਆਂ ਦੱਸਿਆ ਹੈ ਕਿ ਜਿਵੇਂ ਸਿਆਣਾ ਮਲਾਹ ਨਦੀ ਦੇ ਕਿਨਾਰੇ ਖੜ੍ਹਾ ਉੱਚੀ-ਉੱਚੀ ਬੋਲ ਕੇ ਦੱਸ ਰਿਹਾ ਹੁੰਦਾ ਹੈ ਕਿ ਬੇੜਾ ਪੱਤਣ ਦੀ ਬਜਾਏ ਖਤਰਨਾਕ ਘੁੰਮਣਘੇਰੀਆਂ ਵੱਲ ਜਾ ਰਿਹਾ ਹੈ। ਮਲਾਹ ਸੁਚੇਤ ਕਰ ਰਿਹਾ ਹੁੰਦਾ ਹੈ ਕਿ ਬੇੜੇ ਦੀ ਦਿਸ਼ਾ ਠੀਕ ਕੀਤੀ ਜਾਵੇ ਨਹੀਂ ਤਾਂ ਘੁੰਮਣਘੇਰੀਆਂ ਵਿਚ ਘਿਰ ਕੇ ਬੇੜਾ ਡੁੱਬ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਗੁਰੂ ਰੂਪੀ ਮਲਾਹ ਮਨੁਖ ਨੂੰ ਚੇਤੰਨ ਕਰ ਰਿਹਾ ਹੈ ਕਿ ਮਨੁਖ ਆਪਣੇ ਜੀਵਨ ਦੀ ਦਿਸ਼ਾ ਠੀਕ ਰਖੇ ਨਹੀਂ ਤਾਂ ਇਹ ਬੁਰੀਆਂ ਹਾਲਤਾਂ ਵਿਚ ਘਿਰ ਕੇ ਖਤਮ ਹੋ ਜਾਵੇਗਾ। ਇਥੇ ਘੁੰਮਣਘੇਰੀਆਂ ਵਿਸ਼ੇ-ਵਿਕਾਰਾਂ ਦਾ ਸੰਕੇਤ ਹਨ। ਬੰਦੇ ਦਾ ਜੀਵਨ ਬੇੜੀ ਦੀ ਨਿਆਈਂ ਹੈ। ਜੇਕਰ ਮਨ ਨੇ ਗੁਰੂ ਰੂਪੀ ਮਲਾਹ ਦੀ ਸਿੱਖਿਆ ਸੁਣ ਲਈ ਤਾਂ ਇਹ ਜੀਵਨ ਰੂਪੀ ਬੇੜਾ ਘੁੰਮਣ-ਘੇਰੀਆਂ ਵਿਚ ਕੇਵਲ ਡੁੱਬਣ ਤੋਂ ਹੀ ਨਹੀਂ ਬਚੇਗਾ ਸਗੋਂ ਕਿਨਾਰੇ ਵੀ ਲੱਗ ਜਾਵੇਗਾ।

Tags