Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕੰਧੀ ਵਹਣ ਢਾਹਿ   ਤਉ ਭੀ ਲੇਖਾ ਦੇਵਣਾ
ਜਿਧਰਿ ਰਬ ਰਜਾਇ   ਵਹਣੁ ਤਿਦਾਊ ਗੰਉ ਕਰੇ ॥੮੪॥ 
-ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਇਕ ਦਰਿਆ ਦਾ ਦ੍ਰਿਸ਼ ਬਿਆਨ ਕੀਤਾ ਹੈ, ਜਿਸ ਦੇ ਵਿਚ ਵਗਦਾ ਹੋਇਆ ਤੇਜ ਪਾਣੀ ਆਪਣੇ ਕਿਨਾਰਿਆ ਨੂੰ ਢਾਹ ਲਾ ਰਿਹਾ ਹੈ। ਇਨ੍ਹਾਂ ਖੁਰਦਿਆਂ ਕਿਨਾਰਿਆਂ ਨੂੰ ਵੇਖਕੇ ਬਾਬਾ ਜੀ, ਵਹਿਣ ਨੂੰ ਮੁਖਾਤਬ ਹੋ ਕੇ ਆਖਦੇ ਹਨ ਕਿ ਅਜੇ ਵੀ ਵੇਲਾ ਹੈ ਸੰਭਲ ਜਾ, ਤੂੰ ਇਸ ਤਰ੍ਹਾਂ ਕੰਢਿਆਂ ਨੂੰ ਨਾ ਢਾਹ, ਕਿਉਕਿ ਇਕ ਦਿਨ ਤੈਨੂੰ ਵੀ ਤੇਰੇ ਕੀਤੇ ਦਾ ਹਿਸਾਬ ਦੇਣਾ ਪਵੇਗਾ। ਪਰ ਨਾਲ ਹੀ ਬਾਬਾ ਜੀ ਆਖਦੇ ਹਨ ਕਿ ਅਸਲ ਵਿਚ ਇਸ ਵਹਿਣ ਦੇ ਆਪਣੇ ਹੱਥ ਵਿਚ ਕੁਝ ਵੀ ਨਹੀ, ਇਹ ਵੀ ਤਾਂ ਰੱਬੀ ਰਜ਼ਾ ਦੇ ਵਿਚ ਹੀ ਉਸ ਪਾਸੇ ਨੂੰ ਵਗ ਰਿਹਾ ਹੈ ਜਿਸ ਪਾਸੇ ਇਸ ਨੂੰ ਜਾਣ ਦਾ ਹੁਕਮ ਹੈ।

ਅਸਲ ਵਿਚ ਇਸ ਸਲੋਕ ਵਿਚ ਆਏ ਸ਼ਬਦ ‘ਵਹਣ’ ਦੁਖਾਂ ਦਾ ਅਤੇ ‘ਕੰਧੀ’ ਮਨੁਖੀ ਜੀਵਨ ਦਾ ਪ੍ਰਤੀਕ ਹਨ। ਪਿਛਲੇ ਸਲੋਕਾਂ ਤੋਂ ‘ਦੁਖ’ ਦਾ ਵਿਸ਼ਾ ਚੱਲ ਰਿਹਾ ਹੈ, ਜਿਸ ਲਈ ਬਾਬਾ ਫਰੀਦ ਜੀ ਨੇ ‘ਅੱਗ’ ਅਤੇ ਗੁਰੂ ਅਰਜਨ ਸਾਹਿਬ ਨੇ ‘ਵਿਸੂਲਾ ਬਾਗ’ ਆਦਿ ਪ੍ਰਤੀਕ ਵਰਤੇ ਸਨ। ਉਸੇ ਵਿਸ਼ੇ ਨੂੰ ਅੱਗੇ ਤੋਰਦਿਆਂ ਬਾਬਾ ਫਰੀਦ ਜੀ ਇਸ ਸਲੋਕ ਵਿਚ ਸਮਝਾ ਰਹੇ ਹਨ ਕਿ ਜਿਵੇਂ ਦਰਿਆ ਦਾ ਤੇਜ ਵਹਾਅ, ਉਠਦੀਆਂ ਛੱਲਾਂ ਉਸ ਦੇ ਕਿਨਾਰਿਆਂ ਨੂੰ ਕੰਮਜੋਰ ਕਰ ਰਹੀਆਂ ਹਨ, ਬਿਲਕੁਲ ਉਸੇ ਤਰ੍ਹਾਂ ਹੀ ਦੁਖ ਵੀ ਮਨੁਖੀ ਜੀਵਨ ਨੂੰ ਢਾਹ ਲਾ ਰਹੇ ਹਨ, ਭਾਵ ਕੰਮਜੋਰ ਕਰ ਰਹੇ ਹਨ। ਜੀਵਨ ਵਿਚ ਪੈਰ-ਪੈਰ ’ਤੇ ਪੈਦਾ ਹੋ ਰਹੀਆਂ ਚਣੌਤੀਆਂ ਮਨੁਖ ਨੂੰ ਵਿਚਲਿਤ ਕਰ ਰਹੀਆਂ ਹਨ। ਉਹ ਸੋਚਦਾ ਹੈ ਕਿ ਮੇਰੇ ਨਾਲ ਇੰਝ ਕਿਉਂ ਹੋਇਆ? ਪਰ ਅਸਲ ਵਿਚ ਇਹ ਸਭ ਕੁਝ ਰੱਬੀ ਹੁਕਮ ਵਿਚ ਹੈ, ਉਸ ਨੂੰ ਉਸ ਦੇ ਕੀਤੇ ਚੰਗੇ-ਮਾੜੇ ਕਰਮਾਂ ਦਾ ਨਤੀਜਾ ਹੀ ਪ੍ਰਾਪਤ ਹੋਇਆ ਹੈ। ਬਾਬਾ ਫਰੀਦ ਜੀ ਇਸ ਸਲੋਕ ਦੇ ਰਾਹੀਂ ਮਨੁਖ ਨੂੰ ਪਰਮੇਸ਼ਰ ਦੇ ਭਾਣੇ ਵਿਚ ਪ੍ਰਸੰਨ ਰਹਿਣ ਦਾ ਉਪਦੇਸ਼ ਦੇ ਰਹੇ ਹਨ।

Tags