ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਹਲਾ ੫ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
ਵਿਰਲੇ ਕੇਈ ਪਾਈਅਨਿ ਜਿੰਨੑਾ ਪਿਆਰੇ ਨੇਹ ॥੮੩॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਨੇ ਆਪਣੇ ਪਹਿਲੇ ਇਕ ਸਲੋਕ ਵਿਚ ਜਿਕਰ ਕੀਤਾ ਸੀ ਕਿ ਸੰਸਾਰ ਅੰਦਰ ਜਦੋਂ ਮਨੁਖ ਆਪਣੇ ਦੁਖ ਤੋਂ ਉਪਰ ਉਠ ਕੇ ਦੇਖਦਾ ਹੈ ਤਾਂ ਉਸਨੂੰ ਮਹਿਸੂਸ ਹੁੰਦਾ ਹੈ ਜਿਵੇਂ ਸਾਰਾ ਹੀ ਸੰਸਾਰ ਇਸ ਦੁਖਾਂ ਦੀ ਅੱਗ ਵਿਚ ਸੜ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਕੀ ਕੋਈ ਢੰਗ-ਤਰੀਕਾ ਹੈ ਇਸ ਵਿਸ਼ੇ-ਵਿਕਾਰਾਂ ਦੀ ਅੱਗ ਤੋਂ ਬਚਣ ਦਾ ਅਤੇ ਜੀਵਨ ਦਾ ਅਨੰਦ ਮਾਨਣ ਦਾ? ਇਸ ਗੱਲ ਦਾ ਜੁਆਬ ਗੁਰੂ ਅਰਜਨ ਸਾਹਿਬ ਨੇ ਪਿਛਲੇ ਸਲੋਕ ਵਿਚ ਦਿੱਤਾ ਕਿ ਜੋ ਗੁਰ-ਪਰਮੇਸ਼ਰ ਦੀ ਸ਼ਰਣ ਵਿਚ ਆ ਜਾਣਗੇ, ਉਨ੍ਹਾਂ ਨੂੰ ਇਹ ਦੁਖਾਂ ਦੀ ਅੱਗ ਨਹੀ ਲੂਹ ਸਕੇਗੀ, ਭਾਵ ਉਹ ਜੀਵਨ ਦੇ ਔਖੇ ਤੋਂ ਔਖੇ ਸਮੇਂ ਵਿਚ ਵੀ ਸਥਿਰ ਰਹਿਣਗੇ।
ਇਸ ਸਲੋਕ ਵਿਚ ਵੀ ਆਪਣੇ ਪਿਛਲੇ ਵਿਚਾਰ ਨੂੰ ਹੋਰ ਦ੍ਰਿੜ ਕਰਵਾਉਂਦਿਆਂ ਸਮਝਾਇਆ ਹੈ ਕਿ ਗੁਰ-ਪਰਮੇਸ਼ਰ ਦੀ ਕਿਰਪਾ ਸਦਕਾ ਪ੍ਰਾਪਤ ਹੋਈ ਸੂਝ-ਬੂਝ ਸਦਕਾ ਜਿਥੇ ਮਨੁਖ ਵਿਸ਼ੇ-ਵਿਕਾਰਾਂ ਵੱਲੋਂ ਸੁਚੇਤ ਹੋ ਜਾਂਦਾ ਹੈ ਅਤੇ ਨਾਲ ਹੀ ਆਪਣੇ ਮਨ ਦੇ ਟੋਏ ਟਿੱਬੇ ਬਿਲਕੁਲ ਮੈਦਾਨ ਕਰਕੇ, ਬੁਰਿਆਈ ਵਾਲਾ ਸੁਭਾਅ ਤਿਆਗ ਕੇ ਚੰਗਿਆਈ ਦੇ ਮਾਰਗ ਦਾ ਧਾਰਨੀ ਬਣ ਜਾਂਦਾ ਹੈ ਤਾਂ ਉਸ ਦਾ ਜੀਵਨ ਸੁਖਮਈ ਤੇ ਸਕੂਨ ਵਾਲਾ ਹੁੰਦਾ ਹੈ। ਸਕਾਰਾਤਮਕ ਸੋਚ ਵਿਚੋਂ ਪ੍ਰਾਪਤ ਹੋਇਆ ਆਤਮਕ ਬਲ ਉਸ ਨੂੰ ਜੀਵਨ ਵਿਚ ਜਿਥੇ ਸਥਿਰਤਾ ਪ੍ਰਦਾਨ ਕਰਦਾ ਹੈ, ਉਥੇ ਹੀ ਉਸ ਦਾ ਸਰੀਰ ਵੀ ਹਮੇਸ਼ਾ ਚੜਦੀ ਕਲਾ ਵਿਚ ਰਹਿੰਦਾ ਹੈ। ਉਹ ਤਨੋ-ਮਨੋ ਭਜਨ ਬੰਦਗੀ ਵਿਚ ਜੁੜ ਕੇ ਜੀਵਨ ਨੂੰ ਸਫਲ ਕਰ ਲੈਂਦਾ ਹੈ।
ਹੁਣ ਜੇ ਇਹ ਸਵਾਲ ਕਰੀਏ ਕਿ ਜਿਸ ਜੀਵਨ ਦੀ ਗੱਲ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ ਉਹ ਕਿੰਨੇ ਕੁ ਲੋਕਾਂ ਪਾਸ ਹੈ? ਤਾਂ ਇਸ ਗੱਲ ਦਾ ਜੁਆਬ ਗੁਰੂ ਸਾਹਿਬ ਨੇ ਆਪ ਹੀ ਅਗਲੀ ਤੁਕ ਵਿਚ ਸਪਸ਼ਟ ਕੀਤਾ ਹੈ ਕਿ ਅਜਿਹਾ ਜੀਵਨ ਵਿਰਲੇ ਮਨੁਖਾਂ ਨੂੰ ਹੀ ਨਸੀਬ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਨਿਜਤਵ ਤੋਂ ਉਪਰ ਉਠ ਕੇ ਪਰਮੇਸ਼ਰ ਨਾਲ ਪਿਆਰ ਪਾਇਆ ਹੈ। ਇਸ ਪ੍ਰੇਮ ਦਾ ਸਦਕਾ ਹੀ ਉਨ੍ਹਾਂ ਨੇ ਆਪਣਾ ਤਨ-ਮਨ ਸੰਵਾਰਿਆ ਹੈ ਅਤੇ ਸਦੀਵੀ ਖੇੜੇ ਦੀ ਪ੍ਰਾਪਤੀ ਕੀਤੀ ਹੈ।