ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਹਲਾ ੫ ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
ਜੋ ਜਨ ਪੀਰਿ ਨਿਵਾਜਿਆ ਤਿੰਨੑਾ ਅੰਚ ਨ ਲਾਗ ॥੮੨॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ, ਬਾਬਾ ਫਰੀਦ ਜੀ ਦੇ ਪਿਛਲੇ ਸਲੋਕ ਦੇ ਸੰਬੰਧ ਵਿਚ, ਉਸੇ ਲਹਿਜੇ ਵਿਚ ਹੀ, ਆਪਣਾ ਪਖ ਦੱਸਦੇ ਹਨ ਕਿ ਸਾਰੀ ਧਰਤੀ ਇਕੋ ਜਿਹੀ ਨਹੀਂ, ਬਲਕਿ ਬਹੁ-ਰੰਗੀ ਹੈ। ਬਹੁ-ਰੰਗੀ ਹੋਣ ਦਾ ਭਾਵ ਦੁਨੀਆ ਸੋਹਣੀ ਅਤੇ ਸੁਖਦਾਈ ਹੈ। ਪਰ ਇਸ ਦੇ ਅੰਦਰ ਹੀ ਵਿਸ਼ੇ-ਵਿਕਾਰਾਂ ਦਾ ਬਾਗ ਹੈ। ਜੋ ਵੀ ਸੰਸਾਰ ਦੇ ਦੁਖ ਹਨ ਉਹ ਸਭ ਇਸ ਬਾਗ ਕਰਕੇ ਹੀ ਹਨ। ਅਗਿਆਨਤਾ ਕਾਰਣ ਲੋਕ ਇਸ ਜ਼ਹਿਰੀਲੇ ਬਾਗ ਵੱਲ ਖਿੱਚੇ ਜਾਂਦੇ ਹਨ ਤੇ ਫਿਰ ਦੁਖ ਪਾਉਂਦੇ ਹਨ।
ਕੀ ਇਨ੍ਹਾਂ ਵਿਸ਼ੇ-ਵਿਕਾਰਾਂ ਕਾਰਣ ਜੀਵਨ ਵਿਚ ਪੈਦਾ ਹੋਣ ਵਾਲੇ ਦੁਖਾਂ ਤੋਂ ਬਚਿਆ ਜਾ ਸਕਦਾ ਹੈ? ਇਸ ਸੁਆਲ ਦਾ ਜੁਆਬ ਅਗਲੀ ਤੁਕ ਵਿਚ ਦਿੰਦਿਆਂ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ ਕੇਵਲ ਉਹੀ ਲੋਕ ਇਨ੍ਹਾਂ ਦੁਖ ਤਕਲੀਫਾਂ ਦੇ ਪ੍ਰਭਾਵ ਤੋਂ ਬਚਦੇ ਹਨ ਅਤੇ ਜੀਵਨ ਵਿਚ ਔਖੇ ਤੋਂ ਔਖੇ ਸਮੇਂ ਅੰਦਰ ਵੀ ਢਹਿੰਦੀ ਕਲਾ ਵਿਚ ਨਹੀ ਜਾਂਦੇ ਜਿਨ੍ਹਾਂ ‘ਤੇ ਗੁਰੂ ਪਰਮੇਸ਼ਰ ਦੀ ਮਿਹਰ ਹੋ ਜਾਂਦੀ ਹੈ। ਜਿਸ ਨੂੰ ਸ਼ਬਦ ਦੁਆਰਾ ਗਿਆਨ ਦੀ ਪ੍ਰਾਪਤੀ ਹੋਈ, ਉਹੀ ਵਿਸ਼ੇ-ਵਿਕਾਰਾਂ ਦੇ ਬਾਗ ਵਿਚਲੀ ਜ਼ਹਿਰ ਤੋਂ ਬਚ ਸਕੇ ਹਨ। ਬਾਕੀ ਸਭ ਇਸ ਜ਼ਹਿਰ ਨੇ ਗਾਲ ਕੇ ਖਤਮ ਕਰ ਦਿੱਤੇ ਹਨ। ਗੁਰੂ ਹੀ ਇਸ ਜ਼ਹਿਰ ਤੋਂ ਬਚਾਉਣ ਦੀ ਸਮਰੱਥਾ ਰਖਦਾ ਹੈ।