ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਉਸ ਆਮ ਮਨੁਖ ਦੀ ਮਨੋ-ਅਵਸਥਾ ਬਿਆਨ ਕਰ ਰਹੇ ਹਨ, ਜਿਸ ਨੂੰ ਲੱਗਦਾ ਹੈ ਕਿ ਸਿਰਫ ਉਸ ਦੇ ਜੀਵਨ ਵਿਚ ਹੀ ਦੁਖ-ਤਕਲੀਫਾਂ ਹਨ ਤੇ ਬਾਕੀ ਸਾਰੇ ਬੜੇ ਸੁਖੀ ਵਸਦੇ ਹਨ। ਪਰ ਜਦ ਉਹ ਆਪਣੇ ਨਿਜਤਵ ਤੋਂ ਉਪਰ ਉਠ ਕੇ ਸੰਸਾਰ ਵੱਲ ਦੇਖਦਾ ਹੈ ਤਾਂ ਉਸ ਨੂੰ ਉਹੋ ਜਿਹੀਆਂ ਦੁਖ-ਤਕਲੀਫਾਂ ਹਰ ਘਰ ਵਿਚ ਹੀ ਦਿਖਾਈ ਦਿੰਦੀਆਂ ਹਨ, ਜਿਹੋ-ਜਿਹੀਆਂ ਉਹ ਆਪਣੇ ਜੀਵਨ ਵਿਚ ਹੰਢਾਅ ਰਿਹਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਸੰਸਾਰ ਦੁਖਾਂ ਦਾ ਘਰ ਹੈ ਤੇ ਇਸ ਵਿਚ ਕੋਈ ਵੀ ਅਜਿਹਾ ਨਹੀਂ ਹੈ, ਜਿਸ ਦੇ ਜੀਵਨ ਵਿਚ ਦੁਖ ਨਾ ਹੋਣ। ਪਰ ਆਪਣੇ ਨਿਜਤਵ ਕਾਰਣ ਹਰ ਕਿਸੇ ਨੂੰ ਸਿਰਫ ਆਪਣਾ ਹੀ ਦੁਖ ਨਜਰ ਆਉਂਦਾ ਹੈ, ਦੂਸਰੇ ਦਾ ਨਹੀਂ। ਜਦ ਪਤਾ ਲੱਗਦਾ ਹੈ ਕਿ ਸਾਰੇ ਹੀ ਦੁਖੀ ਹਨ ਤਾਂ ਮਨੁਖ ਨੂੰ ਲੱਗਦਾ ਹੈ ਕਿ ਉਸ ਦੇ ਨਾਲ ਕੁਝ ਵਖਰਾ ਨਹੀਂ ਹੋ ਰਿਹਾ। ਉਹ ਸਾਰੇ ਸੰਸਾਰ ਦੇ ਨਾਲ ਹੀ ਹੈ।