ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨੑਾ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ ਪੈਰ ਤਿਨੑਾ ਦੇ ਚੁੰਮਿ ॥੭॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਿਖ ਇਤਿਹਾਸ ਵਿਚ ਵੀ ਬਹੁਤ ਸਾਰੀਆਂ ਅਜਿਹੀਆਂ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ ਵਿਚ ਨਿਮਰਤਾ, ਸਹਿਣਸ਼ੀਲਤਾ, ਧੀਰਜ, ਖਿਮਾਂ ਆਦਿ ਗੁਣਾਂ ਦੇ ਪ੍ਰਮਾਣ ਮਿਲਦੇ ਹਨ। ਜਦ ਭਰੀ ਸੰਗਤ ਵਿਚ ਗੁਰੂ ਅਮਰਦਾਸ ਸਾਹਿਬ ਦੇ ਦਾਤੂ ਜੀ ਨੇ ਲੱਤ ਮਾਰੀ ਤਾਂ ਗੁਰੂ ਸਾਹਿਬ ਉਨ੍ਹਾਂ ਦੇ ਚਰਣ ਇਹ ਕਹਿੰਦਿਆਂ ਘੁੱਟਣ ਲੱਗ ਪਏ ਕਿ ਮੇਰੀਆਂ ਬੁੱਢੀਆਂ ਹੱਡੀਆਂ ਕਾਰਣ ਆਪ ਦੇ ਚਰਣਾਂ ਨੂੰ ਸੱਟ ਲੱਗੀ ਹੋਵੇਗੀ। ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਹਮੇਸ਼ਾ ਉਨ੍ਹਾਂ ਨਾਲ ਬਹੁਤ ਭੈੜਾ ਸਲੂਕ ਕੀਤਾ। ਇਥੋਂ ਤਕ ਕੇ ਉਸ ਨੇ ਬਾਲਕ (ਗੁਰੂ) ਹਰਿਗੋਬਿੰਦ ਦੀ ਜਾਨ ਲੈਣ ਦੀ ਕੋਸ਼ਿਸ਼ ਵੀ ਕੀਤੀ। ਪਰ ਜਦੋਂ ਉਹ ਬੀਮਾਰ ਹੋਏ ਤਾਂ ਗੁਰੂ ਅਰਜਨ ਸਾਹਿਬ ਨੇ ਜੁੜੀ ਸੰਗਤ ਵਿਚ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਸਿਖ ਇਤਿਹਾਸ ਦੀਆਂ ਇਹ ਘਟਨਾਵਾਂ ਉਪਰੋਕਤ ਗੁਣਾਂ ਦੀ ਸਿਖਰਤਾ ਅਤੇ ਪਰਪੱਕਤਾ ਦਾ ਸਬੂਤ ਹਨ।
ਆਮ ਤੌਰ ’ਤੇ ਸਾਡੀ ਫਿਤਰਤ ਹੁੰਦੀ ਹੈ ਕਿ ਜੇ ਕੋਈ ਸਾਡੇ ਨਾਲ ਮਾੜਾ ਵਰਤਾਓ ਕਰੇ, ਤਾਂ ਅਸੀਂ ਆਪਣੇ ਮਨ ਵਿਚ ਉਸ ਪ੍ਰਤੀ ਰੋਸ ਪਾਲ ਲੈਂਦੇ ਹਨ ਅਤੇ ਮੌਕੇ ਦੀ ਤਾਕ ਵਿਚ ਰਹਿੰਦੇ ਹਨ ਕਿ ਕਦੋਂ ਬਦਲਾ ਲਿਆ ਜਾਵੇ। ਅਸੀਂ ਇਸ ਨੂੰ ਆਪਣੀ ਹੇਠੀ ਦਾ ਮੁੱਦਾ ਬਣਾ ਕੇ ਅੰਦਰੋ-ਅੰਦਰੀ ਗੁੱਸੇ ਦੀ ਅੱਗ ਵਿਚ ਸੜਦੇ ਰਹਿੰਦੇ ਹਾਂ। ਇਸ ਨਾਲ ਅਸੀਂ ਨਾ ਸਿਰਫ ਆਪਣਾ, ਸਗੋਂ ਹੋਰਨਾਂ ਦਾ ਵੀ ਸਹਿਜ ਤੇ ਸਕੂਨ ਖਰਾਬ ਕਰਨ ਦੇ ਭਾਗੀਦਾਰ ਹੁੰਦੇ ਹਾਂ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਗੁੱਸੇ ਅਤੇ ਬਦਲੇ ਦੀ ਅਜਿਹੀ ਸੋਚ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਦੇ ਹਨ। ਉਹ ਦੱਸਦੇ ਹਨ ਕਿ ਬੁਰਾਈ ਦਾ ਉੱਤਰ ਚੰਗਿਆਈ ਨਾਲ ਦੇਣਾ ਹੀ ਆਪਣੇ ਤੇ ਸਮਾਜ ਦੇ ਭਲੇ ਵਿਚ ਹੈ।
ਇਸ ਨਜ਼ਰੀਏ ਨੂੰ ਆਪਣੀ ਜ਼ਿੰਦਗੀ ਦੇ ਅਮਲ ਵਿਚ ਲਿਆਉਂਦੇ ਹੋਏ, ਉਹ ਆਖਦੇ ਹਨ ਕਿ ਜੇ ਮੈਂ ਨੇਕੀ ਦੇ ਰਾਹ ’ਤੇ ਤੁਰਦਾ ਹਾਂ, ਚੰਗੇ ਕੰਮ ਕਰਦਾ ਹਾਂ, ਤੇ ਫਿਰ ਵੀ ਕੋਈ ਮੇਰੀ ਨਿੰਦਾ ਕਰੇ, ਮਾੜਾ ਬੋਲੇ ਜਾਂ ਮੈਨੂੰ ਦੁਖ ਦੇਵੇ ਤਾਂ ਮੈਨੂੰ ਉਸ ਨਾਲ ਮਾੜਾ ਸਲੂਕ ਨਹੀਂ ਕਰਨਾ ਚਾਹੀਦਾ। ਸਗੋਂ ਇਸ ਦੇ ਉਲਟ, ਮੈਨੂੰ ਸਹਿਜ ਅਤੇ ਨਿਮਰਤਾ ਵਿਚ ਰਹਿਣਾ ਚਾਹੀਦਾ ਹੈ ਅਤੇ ਆਪਣੇ ਮਨ ਵਿਚ ਉਸ ਪ੍ਰਤੀ ਵੈਰ-ਵਿਰੋਧ ਜਾਂ ਗਿਲਾ-ਸ਼ਿਕਵਾ ਨਹੀਂ ਰਖਣਾ ਚਾਹੀਦਾ।
ਨਿਮਰਤਾ ਅਤੇ ਸਹਿਣਸ਼ੀਲਤਾ ਅਜਿਹੇ ਗੁਣ ਹਨ ਜੋ ਮਨੁਖ ਨੂੰ ਉਸ ਦੇ ਅਸਲ ਸਰੂਪ—ਨਿਜ ਘਰ ਵਿਚ—ਟਿਕਾ ਕੇ ਰਖਦੇ ਹਨ। ਇਸ ਅਵਸਥਾ ਵਿਚ ਟਿਕ ਕੇ ਹੀ ਅਡੋਲਤਾ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਪੰਜਵੇਂ ਪਾਤਸ਼ਾਹ ਵੀ ਸਲਾਹ ਦਿੰਦੇ ਹਨ ਕਿ ਅਹੰਕਾਰ, ਈਰਖਾ ਅਤੇ ਮੁਕਾਬਲੇ ਦੀ ਬਜਾਏ, ਨਿਮਰਤਾ ਤੇ ਹਲੀਮੀ ਵਿਚ ਰਹਿ ਕੇ ਕੀਤੀ ਮਿਹਨਤ ਹੀ ਜੀਵਨ ਵਿਚ ਅਸਲ ਉਚਾਈ ਤੇ ਸਕੂਨ ਲਿਆ ਸਕਦੀ ਹੈ। ਜਿਹੜਾ ਮਨੁਖ ਆਪਣੇ-ਆਪ ਨੂੰ ਨੀਵਾਂ ਅਤੇ ਦੂਜਿਆਂ ਨੂੰ ਆਪਣੇ ਤੋਂ ਉੱਚਾ ਸਮਝਦਾ ਹੈ, ਉਹੀ ਜੀਵਨ ਦੇ ਅਸਲ ਮਨੋਰਥ ਨੂੰ ਪ੍ਰਾਪਤ ਕਰਦਾ ਹੈ:
ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥ -ਗੁਰੂ ਗ੍ਰੰਥ ਸਾਹਿਬ ੮੮੩