Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਚਬਣ ਚਲਣ ਰਤੰਨ ਸੇ   ਸੁਣੀਅਰ ਬਹਿ ਗਏ
ਹੇੜੇ ਮੁਤੀ ਧਾਹ   ਸੇ ਜਾਨੀ ਚਲਿ ਗਏ ॥੭੭॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਾਦਰ ਅ-ਬਦਲ ਹੈ ਤੇ ਕੁਦਰਤ ਪਲ-ਪਲ ਬਦਲਦੀ ਹੈ। ਕੁਦਰਤ ਵਿਚ ਕੁਝ ਵੀ ਅਜਿਹਾ ਨਹੀਂ, ਜੋ ਹਮੇਸ਼ਾ ਇਕੋ ਜਿਹਾ ਹੋਵੇ ਅਤੇ ਸਦਾ ਨਾਲ ਰਹਿਣ ਵਾਲਾ ਹੋਵੇ। ਇਹ ਸੋਚ ਕੇ ਮਨ ਵਿਚ ਗਹਿਰੀ ਉਦਾਸੀ ਦਾ ਭਾਵ ਜਾਗਦਾ ਹੈ। ਇਸ ਸਲੋਕ ਵਿਚ ਵੀ ਮਨੁਖ ਦੇ ਬੁੱਢੇਪੇ ਦੀ ਹਾਲਤ ਬਾਰੇ ਦੱਸਿਆ ਹੈ ਕਿ ਉਸ ਦੇ ਖਾਣਾ ਚੱਬਣ ਵਾਲੇ ਦੰਦ, ਸਫਰ ਕਰਨ ਵਾਲੇ ਪੈਰ ਅਤੇ ਰਤਨਾਂ ਜਿਹੀਆਂ ਉਸ ਦੀਆਂ ਅੱਖਾਂ ਅਖੀਰ ਕਮਜੋਰ ਹੋ ਗਈਆਂ ਹਨ, ਥੱਕ ਹਾਰ ਗਈਆਂ ਹਨ ਤੇ ਕੰਮ ਕਰਨੋਂ ਅਸਮਰੱਥ ਹੋ ਗਈਆਂ ਹਨ। ਜਿਸ ਕਰਕੇ ਹੁਣ ਮਨੁਖ ਕੁਝ ਵੀ ਕਰਨ ਤੋਂ ਲਾਚਾਰ ਹੈ।

ਜਿਵੇਂ ਕੋਈ ਆਪਣੇ ਪਿਆਰਿਆਂ ਦੇ ਚਲੇ ਜਾਣ ’ਤੇ ਧਾਹਾਂ ਮਾਰ-ਮਾਰ ਰੋਂਦਾ ਹੈ, ਐਨ ਇਸੇ ਤਰ੍ਹਾਂ ਹੀ ਮਨੁਖ ਦੀ ਦੇਹੀ, ਬੁੱਢੇਪੇ ਦੀ ਕਮਜ਼ੋਰੀ ਕਾਰਣ ਥੱਕ ਹਾਰ ਗਏ ਆਪਣੇ ਅੰਗਾਂ ਨੂੰ ਚੇਤੇ ਕਰ-ਕਰ ਰੋਂਦੀ ਹੈ ਕਿ ਉਸ ਦੇ ਪਿਆਰੇ ਅੰਗ ਕਿਥੇ ਚਲੇ ਗਏ ਹਨ, ਜਿਨ੍ਹਾਂ ਨਾਲ ਉਹ ਸੁਆਦਲੇ ਭੋਜਨ ਖਾਂਦਾ ਸੀ, ਦੂਰ-ਦੁਰਾਡੇ ਸਫਰ ਕਰਦਾ ਸੀ ਤੇ ਰੰਗ-ਬਰੰਗੀ ਦੁਨੀਆ ਦੇ ਨਜ਼ਾਰੇ ਦੇਖਦਾ ਸੀ।

ਇਥੇ ਵੀ ਬਾਬਾ ਫਰੀਦ ਮਨੁਖ ਨੂੰ ਸੁਚੇਤ ਹੀ ਕਰਦੇ ਹਨ ਕਿ ਉਹ ਆਪਣੇ ਇਨ੍ਹਾਂ ਅੰਗਾਂ-ਪੈਰਾਂ ਦੀ ਸਮੇਂ ਸਿਰ ਸਹੀ ਵਰਤੋਂ ਕਰੇ ਤਾਂ ਜੋ ਅਖੀਰ, ਇਨ੍ਹਾਂ ਦੇ ਕਮਜ਼ੋਰ ਹੋਣ ’ਤੇ ਉਸ ਨੂੰ ਪਛਤਾਉਣਾ ਨਾ ਪਵੇ।

Tags