ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਦੋਂ ਤਕ ਮਨੁਖ ਦਾ ਜੀਵਨ ਹੈ ਤਦੋਂ ਤਕ ਉਤਰਾ-ਚੜਾਅ ਇਸ ਦਾ ਹਿੱਸਾ ਹਨ। ਆਮ ਤੌਰ ’ਤੇ ਸੰਸਾਰੀ ਤਲ ‘ਤੇ ਜੀਵਨ ਜਿਉਣ ਵਾਲਾ ਮਨੁਖ ਜਿਥੇ ਸਕੂਨ ਅਤੇ ਖੁਸ਼ੀ ਦੀ ਤਲਾਸ਼ ਵਿਚ ਰਹਿੰਦਾ ਹੈ, ਉਥੇ ਹੀ ਉਹ ਦਰਪੇਸ਼ ਸਮੱਸਿਆਵਾਂ ਕਰਕੇ ਚਿੰਤਾ ਅਤੇ ਗਮ ਵਿਚ ਵੀ ਘਿਰਿਆ ਹੋਇਆ ਹੈ। ਉਸ ਦੀ ਇਹ ਸੋਚ ਬਣ ਚੁਕੀ ਹੈ ਕਿ ਮੌਤ ਤੋਂ ਪਹਿਲਾਂ ਮਨੁਖ ਇਸ ਅਵਸਥਾ ਤੋਂ ਛੁਟਕਾਰਾ ਨਹੀ ਪਾ ਸਕਦਾ।
ਦੂਸਰੇ ਪਾਸੇ ਜਗਿਆਸੂਆਂ ਦੇ ਮਾਰਗ ਵਿਚ ਉਨ੍ਹਾਂ ਨੂੰ ਪੈਰ-ਪੈਰ ਉੱਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਥੇ ਇਹ ਸੰਸਾਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਤੰਗ ਪ੍ਰੇਸ਼ਾਨ ਕਰਦਾ ਹੈ, ਉਥੇ ਹੀ ਬਣੇ ਹੋਏ ਹਲਾਤਾਂ ਅੰਦਰ ਘਾਲਾਂ ਘਾਲਦਿਆਂ ਅਤੇ ਸੰਜਮ ਰਖਦਿਆਂ ਵੀ ਕਈ ਵਾਰ ਉਨ੍ਹਾਂ ਦਾ ਮਨ ਵਿਕਾਰਾਂ ਵੱਲ ਚਲਾ ਜਾਂਦਾ ਹੈ, ਜਿਸ ਕਾਰਣ ਉਹ ਫਿਰ ਬਹੁਤ ਦੁਖੀ ਹੁੰਦੇ ਹਨ। ਇਸ ਸਮੇਂ ਉਹ ਕਈ ਵਾਰ ਮਹਿਸੂਸ ਕਰਦੇ ਹਨ ਇਸ ਤੋਂ ਚੰਗੀ ਤਾਂ ਮੌਤ ਹੀ ਹੈ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਜਗਿਆਸੂ ਦੀ ਮਨੋਬ੍ਰਿਤੀ ਦੀ ਤਸਵੀਰ ਖਿੱਚਦਿਆਂ ਸਮਝਾਇਆ ਹੈ ਕਿ ਜਦੋਂ ਉਹ ਭਗਤੀ ਮਾਰਗ ਦੀਆਂ ਤਕਲੀਫਾਂ ਦੇ ਸਨਮੁਖ ਹੁੰਦੇ ਹਨ ਜਾਂ ਜਦੋਂ ਉਨ੍ਹਾਂ ਦਾ ਮਨ ਡੋਲਦਾ ਹੈ ਤਾਂ ਉਹ ਮਹਿਸੂਸ ਕਰਦੇ ਹਨ ਕਿ ਚੰਗਾ ਹੁੰਦਾ ਜੇਕਰ ਜਨਮ ਵੇਲੇ ਹੀ ਦਾਈ ਉਨ੍ਹਾਂ ਦੇ ਨਾੜੂਏ ਦੇ ਨਾਲ-ਨਾਲ ਉਨ੍ਹਾਂ ਦਾ ਗਲਾ ਵੀ ਕੱਟ ਦਿੰਦੀ ਤਾਂ ਘੱਟੋ-ਘੱਟ ਉਨ੍ਹਾਂ ਨੂੰ ਇਸ ਸੰਸਾਰ ਦੇ ਝੰਮੇਲੇ ਨਾ ਪੈਂਦੇ।
ਅਸਲ ਵਿਚ ਇਥੇ ਬਾਬਾ ਫਰੀਦ ਜੀ ਦੱਸਦੇ ਹਨ ਕਿ ਜਦੋਂ ਤਕ ਮਨੁਖ ਦੇ ਮਨ ਵਿਚ ਟੋਏ-ਟਿੱਬੇ ਰਹਿਣਗੇ, ਉਦੋਂ ਤਕ ਹੰਕਾਰ ਅਤੇ ਨਫਰਤ ਸੁਭਾਅ ਦਾ ਹਿੱਸਾ ਬਣੇ ਰਹਿਣਗੇ ਅਤੇ ਜੀਵਨ ਵਿਚ ਕਈ ਕਿਸਮ ਦੇ ਕਲੇਸ਼ ਪੈਦਾ ਹੋਵਣਗੇ, ਜਿੰਨ੍ਹਾਂ ਕਾਰਣ ਉਨ੍ਹਾਂ ਨੂੰ ਜ਼ਿੰਦਗੀ ਨਾਲੋਂ ਮੌਤ ਚੰਗੀ ਲੱਗੇਗੀ। ਇਸ ਮਾੜੇ ਸੁਭਾਅ ਨੂੰ ਦੂਰ ਕਰਨ ਲਈ ਸਮਝਣਾ ਪਵੇਗਾ ਕਿ ਸਭ ਵਿਚ ਹੀ ਪ੍ਰਭੂ ਆਪ ਵਰਤ ਰਿਹਾ ਹੈ। ਮੈਂ ਕਿਸੇ ਨੂੰ ਚੰਗਾ-ਮੰਦਾ ਨਹੀ ਬੋਲ ਸਕਦਾ। ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਇਸ ਢੰਗ ਨਾਲ ਹੰਕਾਰ ਅਤੇ ਨਫਰਤ ਦਾ ਤਿਆਗ ਕਰਕੇ ਅਤੇ ਜੀਵਨ ਦੀਆਂ ਔਖਿਆਈਆਂ ਦੇ ਸਾਰਥਕ ਹੱਲ ਤੋਂ ਜਾਣੂ ਹੋਕੇ ਹੀ ਮਨੁਖ ਆਪਣੇ ਜੀਵਨ ਵਿਚ ਸਥਿਰਤਾ ਲਿਆ ਸਕਦਾ ਹੈ।