Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਮਨੁ ਮੈਦਾਨੁ ਕਰਿ   ਟੋਏ ਟਿਬੇ ਲਾਹਿ
ਅਗੈ ਮੂਲਿ ਆਵਸੀ   ਦੋਜਕ ਸੰਦੀ ਭਾਹਿ ॥੭੪॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਮਨ ਵਿਚ ਉਪਜਣ ਵਾਲੇ ਪ੍ਰੇਮ ਅਤੇ ਦਵੈਸ਼ ਆਦਿ ਉੱਚੇ-ਨੀਵੇਂ ਭਾਵਾਂ ਦੇ ਅਸਰ ਤੋਂ ਬਚਣ ਲਈ ਮਨੁਖ ਨੂੰ ਉਪਦੇਸ਼ ਕੀਤਾ ਹੈ ਕਿ ਉਸ ਨੂੰ ਆਪਣਾ ਮਨ ਮੈਦਾਨ ਦੀ ਤਰ੍ਹਾਂ ਇਕਸਾਰ ਪੱਧਰਾ ਕਰ ਲੈਣਾ ਚਾਹੀਦਾ ਹੈ। ਉਸ ਨੂੰ ਆਪਣੇ ਮਨ ਵਿਚ, ਟੋਏ ਟਿੱਬਿਆਂ ਦੀ ਤਰ੍ਹਾਂ ਬਣੇ ਹੋਏ ਊਚ-ਨੀਚ ਦੇ ਸਾਰੇ ਭਾਵ ਲਾਹ ਸੁਟਣੇ ਚਾਹੀਦੇ ਹਨ। ਉਸ ਨੂੰ ਦੂਈ-ਦ੍ਵੈਸ਼ ਅਤੇ ਮੇਰ-ਤੇਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਤੇ ਹਰ ਕਿਸੇ ਨਾਲ ਇਕੋ ਜਿਹਾ ਮਾਣ-ਇੱਜ਼ਤ ਤੇ ਸਤਿਕਾਰ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ। ਕਿਉਂਕਿ ਰੱਬ ਦੇ ਪੈਦਾ ਕੀਤੇ ਹੋਏ ਸਾਰੇ ਜੀਵ ਇਕ ਸਮਾਨ ਹੀ ਹਨ।

ਫਿਰ ਦੱਸਿਆ ਹੈ ਕਿ ਜੇ ਮਨੁਖ ਆਪਣੇ ਅੰਦਰੋਂ ਊਚ-ਨੀਚ ਦੇ ਸਾਰੇ ਭਾਵ ਮੇਟ ਲਵੇਗਾ ਤਾਂ ਉਸ ਨੂੰ ਜੀਵਨ ਦੇ ਅੰਤ ਵਿਚ ਰੱਬ ਦੇ ਦਰਬਾਰ ਵਿਚ ਦੋਜ਼ਖ ਦੀ ਅੱਗ ਦਾ ਸੇਕ ਤਕ ਨਹੀਂ ਪੁੱਜੇਗਾ। ਊਚ-ਨੀਚ ਦਾ ਭਾਵ ਮਨੁਖ ਲਈ ਬੇਹਦ ਘਾਤਕ ਹੈ, ਜਿਸ ਨੂੰ ਹਰ ਹਾਲਤ ਵਿਚ ਮੇਟਣਾ ਜ਼ਰੂਰੀ ਹੈ। ਇਸ ਸਲੋਕ ਰਾਹੀ ਮਨੁਖ ਨੂੰ ਇਕਸੁਰਤਾ ਵਿਚ ਵਿਚਰਣ ਲਈ ਪ੍ਰੇਰਤ ਕੀਤਾ ਗਿਆ ਹੈ।

Tags