Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਕਿਥੈ ਤੈਡੇ ਮਾਪਿਆ   ਜਿਨੑੀ ਤੂ ਜਣਿਓਹਿ
ਤੈ ਪਾਸਹੁ ਓਇ ਲਦਿ ਗਏ   ਤੂੰ ਅਜੈ ਪਤੀਣੋਹਿ ॥੭੩॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਇਸ ਸਲੋਕ ਦੇ ਦੁਆਰਾ ਸਮਝਾ ਰਹੇ ਹਨ ਕਿ ਮੌਤ ਜੀਵਨ ਦੀ ਅਟੱਲ ਸਚਾਈ ਹੈ। ਮਨੁਖ ਨੂੰ ਮੌਤ ਹਰਦਮ ਚੇਤੇ ਰਖਣੀ ਚਾਹੀਦੀ ਹੈ। ਜੋ ਜਨਮਿਆ ਹੈ, ਉਸ ਨੇ ਮਰਨਾ ਜਰੂਰ ਹੈ। ਇਹ ਕੋਈ ਵੀ ਨਹੀ ਜਾਣਦਾ ਕੇ ਮੌਤ ਕਦੋਂ, ਕਿੱਥੇ ਅਤੇ ਕਿਸ ਤਰ੍ਹਾਂ ਆਣ ਦਸਤਕ ਦੇਵੇਗੀ। ਪਰ ਮਨੁਖ ਦੀ ਜੀਵਨ ਸ਼ੈਲੀ ਇਹੋ-ਜਿਹੀ ਬਣ ਚੁੱਕੀ ਹੈ ਕਿ ਇਸ ਨੂੰ ਮੌਤ ਹੀ ਵਿਸਰ ਚੁੱਕੀ ਹੈ। ਇਸੇ ਲਈ ਬਾਬਾ ਫਰੀਦ ਜੀ ਪਹਿਲੀ ਤੁਕ ਵਿਚ ਗੱਲ ਕਰਦਿਆਂ ਆਖਦੇ ਹਨ ਕਿ ਕਦੇ ਆਪਣੇ ਆਸੇ-ਪਾਸੇ ਧਿਆਨ ਮਾਰਕੇ ਵੇਖੇ ਤਾਂ ਤੈਨੂੰ ਪਤਾ ਲੱਗੇਗਾ ਕਿ ਤੇਰੇ ਬਹੁਤ ਹੀ ਕਰੀਬੀ ਰਿਸ਼ਤੇ ਵੀ ਇਸ ਮੌਤ ਦੀ ਲਪੇਟ ਵਿਚ ਆ ਚੁੱਕੇ ਹਨ। ਤੂੰ ਕਦੇ ਸੋਚਿਆ ਕਿ ਤੈਨੂੰ ਜੰਮਣ ਵਾਲੇ ਤੇਰੇ ਮਾਪੇ ਜੋ ਕਦੇ ਸਰੀਰਕ ਰੂਪ ਵਿਚ ਤੇਰੇ ਕੋਲ ਹੁੰਦੇ ਸਨ, ਅੱਜ ਉਹ ਕਿੱਥੇ ਚਲੇ ਗਏ? ਮੌਤ ਨੇ ਉਨ੍ਹਾਂ ਨੂੰ ਤੇਰੇ ਕੋਲੋਂ ਖੋਹ ਲਿਆ ਹੈ।

ਪਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਤੇਰੇ ਜੰਮਣ ਵਾਲੇ ਤੇਰੀਆਂ ਅੱਖਾਂ ਸਾਹਮਣੇ ਤੇਰੇ ਤੋਂ ਮੌਤ ਨੇ ਦੂਰ ਕਰ ਦਿੱਤੇ ਹਨ ਪਰ ਇਹ ਵੇਖ ਕੇ ਵੀ ਤੇਰੇ ਮਨ ਵਿਚ ਇਹ ਖਿਆਲ ਨਹੀ ਆਇਆ ਕਿ ਇਸ ਮੌਤ ਨੇ ਇਕ ਨ ਇਕ ਦਿਨ ਤੇਰੇ ਜੀਵਨ ਵਿਚ ਵੀ ਆਣ ਦਸਤਕ ਦੇਣੀ ਹੈ, ਤੈਨੂੰ ਵੀ ਇਹ ਦੁਨੀਆ ਦਾ ਸੁਹਾਵਾ ਬਾਗ ਛੱਡ ਕੇ ਜਾਣਾ ਪੈਣਾ ਹੈ। ਇਸ ਲਈ ਜਰੂਰੀ ਹੈ ਕਿ ਮਨੁਖ ਮੌਤ ਤੋਂ ਪਹਿਲਾਂ ਬੰਦਗੀ ਵਾਲੇ ਪਾਸੇ ਲੱਗ ਜਾਏ। ਨਿਮਰਤਾ ਅਤੇ ਸਮਰਪਣ ਭਾਵ ਨੂੰ ਧਾਰਨ ਕਰਕੇ ਸੁਹਣਾ ਅਤੇ ਸੁਚੱਜਾ ਜੀਵਨ ਬਤੀਤ ਕਰੇ। ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਮਨੁਖ ਨੂੰ ਮੌਤ ਤੋਂ ਸੁਚੇਤ ਰਹਿੰਦੇ ਹੋਏ ਸਮੇਂ ਦਾ ਸਹੀ ਉਪਯੋਗ ਕਰਨ ਦੀ ਪ੍ਰਭਾਵਸ਼ਾਲੀ ਪ੍ਰੇਰਣਾ ਦਿੱਤੀ ਹੈ।

Tags