ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ ॥੬॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ‘ਅਕਲਿ ਲਤੀਫੁ’ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਦਾ ਭਾਵ ਹੈ: ਬਰੀਕ ਬੁੱਧੀ ਵਾਲਾ। ਆਮ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਜਿਸ ਨੂੰ ਵਾਰ-ਵਾਰ ਸਮਝਾਉਣ ’ਤੇ ਵੀ ਗੱਲ ਦੀ ਸਮਝ ਨਾ ਲੱਗੇ, ਉਸ ਨੂੰ ‘ਮੋਟੀ ਬੁੱਧੀ’ ਜਾਂ ‘ਮੋਟੀ ਮਤ ਵਾਲਾ’ ਕਹਿ ਦਿੱਤਾ ਜਾਂਦਾ ਹੈ। ਇਸ ਦੇ ਉਲਟ ਜਿਹੜਾ ਮਨੁਖ ਕਿਸੇ ਗੱਲ ਨੂੰ ਪੜ੍ਹ ਜਾਂ ਸੁਣ ਕੇ ਤੁਰੰਤ ਸਮਝ ਲਵੇ ਅਤੇ ਉਸ ਗੱਲ ਦੇ ਨਕਾਰਾਤਮਕ ਤੇ ਸਕਾਰਾਤਮਕ ਪ੍ਰਭਾਵਾਂ ਨੂੰ ਮਹਿਸੂਸ ਕਰ ਕੇ ਸਹੀ ਨਿਰਣਾ ਕਰਨ ਦੀ ਸਮਰੱਥਾ ਰਖਦਾ ਹੋਵੇ, ਉਸ ਨੂੰ ‘ਸੂਖਮ ਬੁੱਧੀ ਵਾਲਾ’ ਜਾਂ ‘ਸੂਝਵਾਨ’ ਕਿਹਾ ਜਾਂਦਾ ਹੈ।
ਇਥੇ ਬਾਬਾ ਫਰੀਦ ਜੀ ਮਨੁਖ ਨੂੰ ਸਮਝਾਉਂਦੇ ਹਨ ਕਿ ਜੇ ਉਹ ਸੱਚਮੁੱਚ ਗਿਆਨਵਾਨ ਤੇ ਤੇਜ ਬੁੱਧੀ ਵਾਲਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਅਚਾਰ-ਵਿਹਾਰ ਦੀ ਪਰਖ ਕਰੇ। ਉਹ ਵੇਖੇ ਕਿ ਉਸ ਨੇ ਜਿੰਦਗੀ ਵਿਚ ਕਿਹੜੇ ਚੰਗੇ ਤੇ ਕਿਹੜੇ ਬੁਰੇ ਕੰਮ ਕੀਤੇ ਹਨ। ਸੱਚਾ ਗਿਆਨਵਾਨ ਉਹੀ ਹੈ, ਜੋ ਆਪਣੇ-ਆਪ ਨੂੰ ਬੁਰੇ ਕੰਮਾਂ ਤੋਂ ਬਚਾ ਕੇ ਰਖੇ।
ਪਰ ਮਨੁਖ ਦੀ ਇਹ ਬੜੀ ਵਡੀ ਕਮਜ਼ੋਰੀ ਹੈ ਕਿ ਉਹ ਦੂਸਰਿਆਂ ਦੇ ਔਗੁਣ ਵੇਖਣ ਅਤੇ ਉਨ੍ਹਾਂ ’ਤੇ ਆਪਣੀ ਟੀਕਾ-ਟਿੱਪਣੀ ਕਰਨ ਵਿਚ ਹੀ ਸਮਾਂ ਬਰਬਾਦ ਕਰ ਦਿੰਦਾ ਹੈ। ਅਜਿਹਾ ਮਨੁਖ ਹਰ ਗੱਲ ਵਿਚ ਕੋਈ ਨਾ ਕੋਈ ਨੁਕਸ ਲੱਭ ਲੈਂਦਾ ਹੈ। ਪਰ ਤੇਜ ਬੁੱਧੀ ਅਤੇ ਗਿਆਨ ਦੀ ਵਰਤੋਂ ਦੂਜਿਆਂ ਦੀਆਂ ਬੁਰਾਈਆਂ ਲੱਭਣ ਲਈ ਨਹੀਂ, ਸਗੋਂ ਆਪਣੇ ਅੰਦਰ ਝਾਤ ਮਾਰਨ ਲਈ ਕਰਨੀ ਚਾਹੀਦੀ ਹੈ।
ਕਿਸੇ ਹੋਰ ਦੇ ਔਗੁਣ ਵੇਖਣ ਦੀ ਬਜਾਏ, ਆਪਣੇ ਔਗੁਣਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜਿਆਂ ਵੱਲ ਧਿਆਨ ਦੇਣ ਦੀ ਬਜਾਏ, ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ-ਆਪ ਨੂੰ ਸਵਾਰਨਾ ਚਾਹੀਦਾ ਹੈ। ਜਦੋਂ ਮਨੁਖ ਆਪਣੀਆਂ ਕਮੀਆਂ ਨੂੰ ਜਾਨਣ ਤੇ ਦੂਰ ਕਰਨ ਵਿਚ ਲੱਗ ਜਾਂਦਾ ਹੈ, ਉਦੋਂ ਹੀ ਅਸਲ ਅਰਥਾਂ ਵਿਚ ਉਸ ਨੂੰ ‘ਅਕਲਿ ਲਤੀਫੁ’ ਕਿਹਾ ਜਾ ਸਕਦਾ ਹੈ।
ਇਸੇ ਭਾਵ ਨੂੰ ਪ੍ਰਗਟਾਉਂਦੇ ਹੋਏ ਗੁਰੂ ਅੰਗਦ ਸਾਹਿਬ ਵੀ ਕਹਿੰਦੇ ਹਨ ਕਿ ਜਿਹੜਾ ਮਨੁਖ ਆਪਣੇ-ਆਪ ਨੂੰ ਪਰਖੇ, ਆਪਣੇ ਗੁਣ-ਔਗਣ ਵਿਚਾਰੇ, ਉਸ ਨੂੰ ਹੀ ਪਾਰਖੂ ਸਮਝੋ: ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥ -ਗੁਰੂ ਗ੍ਰੰਥ ਸਾਹਿਬ ੧੪੮