ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਮੌਤ ਦੀ ਅਚਾਨਕਤਾ ਦਰਸਾ ਕੇ ਮਨੁਖ ਨੂੰ ਸੁਚੇਤ ਕਰਦੇ ਹਨ ਕਿ ਜੀਵਨ ਥੋੜ ਚਿਰਾ ਹੈ। ਹਰ ਮਨੁਖ ਲਈ ਮੌਤ ਦਾ ਦਿਨ ਨਿਸ਼ਚਿਤ ਹੈ। ਉਸ ਸਮੇਂ ਵਿਚੋਂ ਕੁਝ ਪਲ ਵੀ ਅੱਗੇ-ਪਿੱਛੇ ਨਹੀ ਹੋ ਸਕਦੇ। ਇਸ ਲਈ ਸਮੇਂ ਸਿਰ ਸਭ ਕੰਮ ਸਮੇਟ ਲਏ ਜਾਣ, ਭਾਵ ਭਜਨ-ਬੰਦਗੀ ਕਰਕੇ ਆਪਣੇ ਜੀਵਨ ਦਾ ਲਾਹਾ ਖੱਟਣਾ ਚਾਹੀਦਾ ਹੈ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਸੁੰਦਰ ਘੜੀ ਰੂਪੀ ਮਨੁਖ ਦੀ ਦੇਹ ਮਰ-ਮੁੱਕ ਗਈ ਹੈ ਤੇ ਪ੍ਰਾਣਾਂ ਰੂਪੀ ਡੋਰ ਟੁੱਟਣ ਕਾਰਣ ਸਾਹ ਰੁਕ ਗਏ ਹਨ।
ਫਿਰ ਸਵਾਲ ਕਰਦੇ ਹਨ ਮੌਤ ਦਾ ਫਰਿਸ਼ਤਾ ਅੱਜ ਕਿਹੜੇ ਘਰ ਵਿਚ ਪ੍ਰਾਹੁਣਾ ਬਣਕੇ ਆਇਆ ਹੈ? ਕਿਸ ਦੀ ਮੌਤ ਹੋਈ ਹੈ ਜਾਂ ਉਹ ਕਿਸ ਨੂੰ ਲੈਣ ਆਇਆ ਹੈ? ਭਾਵ, ਕੋਈ ਦਿਨ ਵੀ ਅਜਿਹਾ ਨਹੀਂ ਹੁੰਦਾ, ਜਿਸ ਦਿਨ ਕੋਈ ਮਰ ਨਾ ਰਿਹਾ ਹੋਵੇ। ਜਦ ਮੌਤ ਹਰ ਵੇਲੇ ਤੇ ਹਰ ਰੋਜ ਸਿਰ ’ਤੇ ਹੀ ਰਹਿੰਦੀ ਹੈ ਫਿਰ ਅਵੇਸਲੇ ਨਹੀਂ ਰਹਿਣਾ ਚਾਹੀਦਾ। ਹਰ ਵੇਲੇ ਪ੍ਰਭੂ ਨੂੰ ਚੇਤੇ ਕਰਦੇ ਹੋਏ ਹੀ ਜੀਵਨ ਬਸਰ ਕਰਨਾ ਚਾਹੀਦਾ ਹੈ।
ਨੋਟ: ਭਾਰਤੀ ਪਰੰਪਰਾ ਵਿਚ ਘੜਾ ਜਾਂ ਘੜੀ ਮਨੁਖੀ ਦੇਹ ਦੀ ਸੰਕੇਤਕ ਹੈ। ਇਸੇ ਕਰਕੇ ਜਦ ਕਿਸੇ ਦੀ ਮੌਤ ਹੁੰਦੀ ਹੈ ਤਾਂ ਘੜਾ ਭੰਨ ਕੇ ਸੰਕੇਤ ਰੂਪ ਵਿਚ ਦੱਸਿਆ ਜਾਂਦਾ ਹੈ ਕਿ ਦੇਹੀ ਦਾ ਅੰਤ ਹੋ ਗਿਆ ਹੈ। ਕਿਸੇ ਵੇਲੇ ਰੱਸੀ ਨੂੰ ਰਜੂ ਵੀ ਕਹਿੰਦੇ ਹਨ ਤੇ ਰਜੂ ਹੀ ਰਜ ਤੇ ਫਿਰ ਲਜ ਹੋ ਗਿਆ। ਰੱਸੀ ਨੂੰ ਡੋਰ ਵੀ ਕਹਿੰਦੇ ਹਨ ਤੇ ਡੋਰ ਚੱਲਦੇ ਸਾਹਾਂ ਦੀ ਪ੍ਰਤੀਕ ਹੈ। ਜਦ ਕੋਈ ਚਲ ਵਸਦਾ ਹੈ ਤਾਂ ਕਹਿੰਦੇ ਹਨ ਸਾਹਾਂ ਦੀ ਡੋਰੀ ਟੁੱਟ ਗਈ ਹੈ।