ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸੰਸਾਰ ਵਿਚ ਹਰ ਮਨੁਖ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਕੋਲ ਸੁਖ-ਸੁਵਿਧਾ ਦੇ ਸਾਰੇ ਸਾਧਨ ਹੋਣ ਤਾਂ ਕਿ ਉਹ ਸੁਖਮਈ ਜੀਵਨ ਬਤੀਤ ਕਰ ਸਕੇ। ਪਰ ਦੇਖਦੇ ਹਾਂ ਕਿ ਜ਼ਿੰਦਗੀ ਦੇ ਕਿਸੇ ਵੀ ਮੋੜ ’ਤੇ ਆਇਆ ਥੋੜਾ ਜਿਹਾ ਦੁਖ ਵੀ ਮਨੁਖ ਬੇਅੰਤ ਪ੍ਰੇਸ਼ਾਨ ਕਰ ਦਿੰਦਾ ਹੈ। ਬਾਬਾ ਫਰੀਦ ਜੀ ਆਪਣੇ ਇਸ ਸਲੋਕ ਵਿਚ ਸਮਝਾ ਰਹੇ ਹਨ ਕਿ ਮਨੁਖ ਦਾ ਇਸ ਪਾਸੇ ਧਿਆਨ ਨਹੀ ਜਾਂਦਾ ਕਿ ਮੌਤ ਤੋਂ ਬਾਅਦ, ਜਦ ਉਸ ਨੂੰ ਕਬਰ ਵਿਚ ਪਾਇਆ ਜਾਵੇਗਾ ਤਾਂ ਉਥੇ ਕੀ ਹਾਲਤ ਹੋਵੇਗੀ? ਬਾਬਾ ਫਰੀਦ ਦੱਸਦੇ ਹਨ ਕਿ ਮਿਰਤਕ ਮਨੁਖ ਦੀ ਦੇਹ ਨੂੰ ਕਾਬੇ ਵੱਲ ਮੂੰਹ ਕਰ ਕੇ ਕਬਰ ਵਿਚ ਲਿਟਾ ਦਿੱਤਾ ਜਾਂਦਾ ਹੈ ਤੇ ਉਸ ਦੇ ਸਿਰ ਹੇਠ ਸਿਰਾਹਣੇ ਵਜੋਂ ਇਟ ਰਖ ਦਿੱਤੀ ਜਾਂਦੀ ਹੈ। ਇਸ ਹਾਲਤ ਵਿਚ ਉਸ ਦੇਹੀ ਦੇ ਮਾਸ ਨੂੰ ਕੀੜੇ ਦੰਦੀਆਂ ਵੱਢ-ਵੱਢ ਖਾਣ ਲੱਗ ਪੈਂਦੇ ਹਨ।
ਮਿਰਤਕ ਦੇਹੀ ਨੂੰ ਇਕ ਹੀ ਦਿਸ਼ਾ ਵਿਚ ਪਏ ਹੋਇਆਂ ਜੁਗ ਬੀਤ ਜਾਂਦੇ ਹਨ। ਦੇਹੀ ਵਿਚ ਕੋਈ ਵੀ ਹਰਕਤ ਨਹੀਂ ਹੁੰਦੀ। ਦੇਹੀ ਦੀ ਅਜਿਹੀ ਹਾਲਤ ਦਰਸਾ ਕੇ ਬਾਬਾ ਫਰੀਦ ਜੀ ਮਨੁਖ ਨੂੰ ਸਮਝਾ ਰਹੇ ਹਨ ਕਿ ਦੁਨਿਆਵੀ ਪਦਾਰਥਾਂ ਮਗਰ ਦੌੜਦੇ ਹੋਏ ਮਨੁਖ ਨੂੰ ਆਪਣੀ ਮੌਤ ਨੂੰ ਜਰੂਰ ਯਾਦ ਰਖਣਾ ਚਾਹੀਦਾ ਹੈ। ਕਬਰ ਅੰਦਰ ਦੀ ਦੇਹੀ ਦੀ ਤਰਸਜੋਗ ਤੇ ਭਿਆਨਕ ਹਾਲਤ ਦੇ ਬਿਆਨ ਰਾਹੀਂ ਸਮਾਂ ਰਹਿੰਦਿਆਂ ਭਜਨ-ਬੰਦਗੀ ਵਾਲੇ ਪਾਸੇ ਤੁਰਨ ਦੀ ਪ੍ਰੇਰਨਾ ਦੇ ਰਹੇ ਹਨ। ਜੇਕਰ ਅਸੀਂ ਸਚਮੁਚ ਨਹੀ ਪਛਤਾਉਣਾ ਚਾਹੁੰਦੇ ਤਾਂ ਬਹੁਤ ਜਰੂਰੀ ਹੈ ਕਿ ਇਸ ਮਿਲੇ ਹੋਏ ਸਮੇਂ ਨੂੰ ਕੇਵਲ ਦੁਨਿਆਦਾਰੀ ਵਿਚ ਉਲਝ ਕੇ ਗਵਾਉਣ ਨਾਲੋਂ, ਨੇਕ ਕੰਮ ਕਰਦਿਆਂ ਸਫਲਾ ਕਰਨਾ ਚਾਹੀਦਾ ਹੈ ਕਿਉਂਕਿ ਬੀਤਿਆ ਹੋਇਆ ਸਮਾਂ ਮੁੜ ਹੱਥ ਨਹੀ ਆਵੇਗਾ।