Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਹੰਸੁ ਉਡਰਿ ਕੋਧ੍ਰੈ ਪਇਆ   ਲੋਕੁ ਵਿਡਾਰਣਿ ਜਾਇ
ਗਹਿਲਾ ਲੋਕੁ ਜਾਣਦਾ   ਹੰਸੁ ਕੋਧ੍ਰਾ ਖਾਇ ॥੬੫॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜੇ ਕਿਤੇ ਹੰਸ ਕੋਧਰੇ ਦੀ ਫਸਲ ਉੱਤੇ ਜਾ ਬੈਠੇ ਤਾਂ ਮੂਰਖ ਲੋਕ ਉਸ ਨੂੰ ਉਡਾਉਣ ਲੱਗ ਪੈਂਦੇ ਹਨ। ਉਹ ਸੋਚਦੇ ਹਨ ਕਿ ਕਿਤੇ ਉਹ ਉਨ੍ਹਾਂ ਦੀ ਫਸਲ ਦਾ ਨੁਕਸਾਨ ਹੀ ਨਾ ਕਰ ਦੇਵੇ। ਪਰ ਉਨ੍ਹਾਂ ਮੂਰਖਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹੰਸ ਤਾਂ ਕਦੇ ਕੋਧਰਾ ਖਾਂਦਾ ਹੀ ਨਹੀਂ। 

ਉਪਰੋਕਤ ਉਦਾਹਰਣ ਦੁਆਰਾ ਬਾਬਾ ਫਰੀਦ ਜੀ ਨੇ ਸਮਝਦਾਰ, ਸੂਝਵਾਨ ਤੇ ਵਿਵੇਕਸ਼ੀਲ ਲੋਕਾਂ ਦੀ ਸਿਫਤ ਦੱਸੀ ਹੈ ਕਿ ਉਹ ਆਪਣਾ ਗੁਣ ਹਮੇਸ਼ਾ ਕਾਇਮ ਰਖਦੇ ਹਨ ਤੇ ਕਦੇ ਬੁਰਾਈ ਵਿਚ ਖਚਿਤ ਨਹੀਂ ਹੁੰਦੇ। ਉੱਚੇ ਇਖਲਾਕ ਵਾਲੇ ਮਨੁਖ ਜੇਕਰ ਭੈੜੀ ਥਾਂ ਚਲੇ ਵੀ ਜਾਣ ਤਾਂ ਲੋਕ ਬੇਵਜਾ ਜਿਥੇ ਉਨ੍ਹਾਂ ਨੂੰ ਮੱਤ ਦੇਣੀ ਹੀ ਸ਼ੁਰੂ ਨਹੀਂ ਕਰਦੇ ਸਗੋਂ ਉਨ੍ਹਾਂ ਦੀ ਨਿੰਦਿਆ ਵੀ ਕਰਨੀ ਸ਼ੁਰੂ ਕਰ ਦਿੰਦੇ ਹਨ। ਪਰ ਉਹ ਨਹੀਂ ਜਾਣਦੇ ਕਿ ਸੂਝਵਾਨ ਮਨੁਖ ਮਾੜੀ ਥਾਂ ਦਾ ਪ੍ਰਭਾਵ ਨਹੀ ਕਬੂਲਦੇ।

Tags