ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥
ਚਿੰਜੂ ਬੋੜਨੑਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥
ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਖਾਰੇ ਪਾਣੀ ਵਾਲੀ ਜ਼ਮੀਨ ਵਿਚ ਬਣੀ ਪਾਣੀ ਦੀ ਛੱਪੜੀ ਦੇ ਕਿਨਾਰੇ ਹੰਸ ਆ ਉਤਰੇ ਹਨ। ਫਿਰ ਉਹ ਪਾਣੀ ਵਿਚ ਆਪਣੀ ਚੁੰਝ ਡੋਬਦੇ ਹਨ ਪਰ ਉਹ ਪਾਣੀ ਨਹੀਂ ਪੀਂਦੇ, ਕਿਉਂਕਿ ਉਹ ਪਾਣੀ ਖਾਰਾ ਹੋਣ ਕਰਕੇ ਪੀਣਜੋਗ ਨਹੀਂ ਹੈ। ਇਸ ਕਰਕੇ, ਹੁਣ ਉਹ ਉਸ ਛੱਪੜੀ ਤੋਂ ਕਿਤੇ ਉਡ ਜਾਣ ਬਾਰੇ ਸੋਚਦੇ ਹਨ।
ਭਾਰਤੀ ਪਰੰਪਰਾ ਵਿਚ ਹੰਸ ਇਕ ਅਜਿਹਾ ਪੰਛੀ ਮਿਥਿਆ ਗਿਆ ਹੈ, ਜੋ ਏਨਾ ਵਿਵੇਕਸ਼ੀਲ ਹੈ ਕਿ ਉਹ ਝਟਪਟ ਗਲਤ ਠੀਕ ਦਾ ਨਿਰਣਾ ਕਰ ਲੈਂਦਾ ਹੈ। ਇਸ ਕਰਕੇ ਸਿਆਣਾ ਮਨੁਖ ਜੇ ਗਲਤੀ ਨਾਲ ਕਿਸੇ ਸਥਿਤੀ ਵਿਚ ਘਿਰ ਵੀ ਜਾਵੇ ਤਾਂ ਵੀ ਉਹ ਸਮਾਂ ਮਿਲਦੇ ਹੀ ਉਥੋਂ ਕਿਨਾਰਾ ਕਰ ਲੈਂਦਾ ਹੈ। ਕਿਉਂਕਿ ਉਹ ਹਮੇਸ਼ਾ ਭਲੇ ਪੁਰਸ਼ਾਂ ਦੀ ਸੰਗਤ ਵਿਚ ਹੀ ਖੁਸ਼ ਰਹਿੰਦਾ ਹੈ। ਬੁਰੀ ਸੰਗਤ ਤੋਂ ਉਹ ਹਰ ਹਾਲਤ ਵਿਚ ਕਿਨਾਰਾ ਕਰਦਾ ਹੈ ਤੇ ਮੌਕਾ ਮਿਲਦੇ ਹੀ ਉਥੋਂ ਖਿਸਕ ਜਾਂਦਾ ਹੈ।
ਇਹ ਸੰਸਾਰ ਵੀ ਅਜਿਹੀ ਛੱਪੜੀ ਜਿਹਾ ਹੀ ਹੈ, ਜੋ ਦੇਖਣ ਨੂੰ ਨਿਰਮਲ ਜਲ ਜਿਹਾ ਲਗਦਾ ਹੈ। ਪਰ ਹੈ ਇਹ ਨਿਰਾ ਦੁਖਾਂ ਦਾ ਘਰ। ਉਚ ਆਤਮਾ ਲੋਕ ਇਸ ਵਿਚ ਖਚਿਤ ਨਹੀਂ ਹੁੰਦੇ, ਬਲਕਿ ਨਿਰਲੇਪ ਰਹਿੰਦੇ ਹਨ ਤੇ ਮੌਕਾ ਮਿਲਦੇ ਹੀ ਇਥੋਂ ਕੂਚ ਕਰ ਜਾਂਦੇ ਹਨ।