Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਜਾਂ ਕੁਆਰੀ ਤਾ ਚਾਉ   ਵੀਵਾਹੀ ਤਾਂ ਮਾਮਲੇ
ਫਰੀਦਾ  ਏਹੋ ਪਛੋਤਾਉ   ਵਤਿ ਕੁਆਰੀ ਥੀਐ ॥੬੩॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਮਨੁਖ ਦੇ ਬੇਸਬਰੇ ਅਤੇ ਅਸਤੁੰਸ਼ਟ ਸੁਭਾਅ ਦੇ ਬਾਰੇ ਵਿਚ ਗੱਲ ਕਰਦੇ ਹਨ। ਇਥੇ ਇਕ ਮੁਟਿਆਰ ਦਾ ਬਿੰਬ ਸਿਰਜ ਕੇ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜਿਵੇਂ ਉਸ ਦੇ ਮਨ ਅੰਦਰ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਚਾਅ-ਮਲਾਰ ਹੁੰਦੇ ਹਨ। ਉਹ ਆਪਣੇ ਵਿਆਹੁਤਾ ਜੀਵਨ ਬਾਰੇ ਸੋਚ-ਸੋਚ ਕੇ ਮਨ ਹੀ ਮਨ ਖੁਸ਼ ਹੁੰਦੀ ਹੈ। ਪਰ ਜਦ ਉਸ ਦਾ ਵਿਆਹ ਹੁੰਦਾ ਹੈ ਤਾਂ ਥੋੜੇ ਸਮੇਂ ਬਾਅਦ ਹੀ ਉਸ ਨੂੰ ਸਹੁਰੇ ਘਰ ਵਿਚ ਨਵੀਆਂ ਜਿੰਮੇਵਾਰੀਆਂ ਮਿਲ ਜਾਂਦੀਆਂ ਹਨ। ਹੁਣ ਉਸ ਨੂੰ ਇੰਝ ਮਹਿਸੂਸ ਹੋਣ ਲੱਗਦਾ ਹੈ ਕਿ ਜਿਵੇਂ ਵਿਆਹ ਕਰਾ ਕੇ ਤਾਂ ਉਸ ਨੇ ਗਲ ਜੰਜਾਲ ਹੀ ਪਾ ਲਿਆ। ਉਹ ਸੋਚਦੀ ਹੈ ਕਿ ਕਾਸ਼ ਕਿਤੇ ਉਹ ਮੁੜ ਪਹਿਲੇ ਦਿਨ ਪਰਤ ਆਵਣ। ਪਰ ਸਚਾਈ ਇਹੋ ਹੈ ਕਿ ਹੁਣ ਉਹ ਦਿਨ ਵਾਪਸ ਨਹੀ ਆ ਸਕਦੇ।

ਇਸ ਦ੍ਰਿਸ਼ਟਾਂਤ ਦੇ ਜਰੀਏ ਬਾਬਾ ਫਰੀਦ ਜੀ ਨੇ ਇਕ ਅਜਿਹੇ ਜਗਿਆਸੂ ਬਾਰੇ ਗੱਲ ਕੀਤੀ ਹੈ, ਜੋ ਜਦੋਂ ਤਕ ਪਰਮਾਰਥ ਵਿਚ ਪਰਵਿਰਤ ਨਹੀਂ ਸੀ ਹੋਇਆ ਤਾਂ ਮਨ ਵਿਚ ਚਾਉ ਸੀ ਕਿ ਛੇਤੀ-ਛੇਤੀ ਪਰਮਾਰਥੀ ਹੋਵੇ। ਫੇਰ ਜਦੋਂ ਇਧਰ ਆਏ ਤਾਂ ਪਤਾ ਲੱਗਾ ਕਿ ਗੁਰੂ ਅਤੇ ਸਤਿਸੰਗ ਦੀ ਘਾਲ ਤਾਂ ਬਹੁਤ ਔਖੀ ਹੈ। ਭਜਨ-ਬੰਦਗੀ ਕਰਨਾ ਸੁਖਾਲਾ ਕੰਮ ਨਹੀ ਹੈ, ਪਿਛੇ ਵੀ ਬਾਬਾ ਫਰੀਦ ਜੀ ਨੇ ਦੱਸਿਆ ਸੀ ਕਿ ‘ਦਰਵੇਸ਼ੀ ਗਾਖੜੀ(ਔਖੀ)’ ਹੈ। ਸੱਚੀ ਗੱਲ ਇਹ ਹੈ ਕਿ ਉਸ ਸਮੇਂ ਮਨੁਖ ਨੂੰ ਇਕ ਪਾਸੇ ਦੁਨੀਆ ਦਾ ਮੋਹ ਬਦੀਆਂ ਵਾਲੇ ਪਾਸੇ ਨੂੰ ਖਿੱਚ ਰਿਹਾ ਹੁੰਦਾ ਹੈ ਪਰ ਉਸ ਦਾ ਲੋਕਾਂ ਵਿਚ ਬਣਿਆ ਧਾਰਮਕ ਬਿੰਬ ਉਸ ਨੂੰ ਰੋਕ ਰਿਹਾ ਹੁੰਦਾ ਹੈ। ਅਜਿਹੇ ਵੇਲੇ ਬਹੁਤਾਤ ਵਿਚ ਲੋਕ ਸੋਚਦੇ ਹਨ ਕਿ ਕਾਸ਼ ਉਨ੍ਹਾਂ ਦਾ ਪੁਰਾਣਾ ਜੀਵਨ ਉਨ੍ਹਾਂ ਨੂੰ ਵਾਪਸ ਮਿਲ ਸਕਦਾ ਭਾਵ ਕਿ ਉਹ ਮਨ-ਆਈਆਂ ਕਰ ਸਕਦੇ।

ਅਸਲ ਵਿਚ ਇਥੇ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਮਨੁਖੀ ਜੀਵਨ ਦੀ ਇਹ ਵਡੀ ਕੰਮਜੋਰੀ ਹੈ ਕਿ ਇਸ ਕੋਲ ਜੋ ਹੈ ਉਸ ਤੋਂ ਇਹ ਤੋਂ ਇਹ ਸੰਤੁਸ਼ਟ ਨਹੀ ਹੈ। ਹਰ ਵਕਤ ਇਹ ਉਸ ਸ਼ੈਅ ਨੂੰ ਪਾਉਣ ਲਈ ਤੀਬਰ ਇੱਛਾ ਸ਼ਕਤੀ ਨਾਲ ਯਤਨ ਕਰਦਾ ਹੈ ਜੋ ਇਸ ਦੇ ਕੋਲ ਨਹੀ ਹੈ। ਪਰ ਤ੍ਰਾਸਦੀ ਵੇਖੋ ਜਿਸ ਚੀਜ਼ ਲਈ ਸਿਰੋਂ ਪੈਰੋਂ ਪਰ੍ਹੇ ਹੋ ਕੇ ਯਤਨ ਕੀਤੇ, ਜਦ ਉਹ ਪ੍ਰਾਪਤੀ ਹੋ ਗਈ ਤਾਂ ਇਹ ਹੁਣ ਖੁਸ਼ ਹੋਣ ਦੀ ਬਜਾਇ ਇਸ ਗੱਲੋਂ ਦੁਖੀ ਹੈ ਕਿ ਨਵੀਆਂ ਚੁਣੌਤੀਆਂ ਜੀਵਨ ਵਿਚ ਆ ਗਈਆਂ ਹਨ। ਇਹੋ-ਜਿਹੇ ਵੇਲੇ ਮਨੁਖ ਸੋਚਦਾ ਹੈ ਕਿ ਇਸ ਤੋਂ ਬਿਹਤਰ ਤਾਂ ਪਹਿਲਾਂ ਹੀ ਸੀ, ਚੰਗਾ ਸੀ ਜੇ ਇਹ ਸ਼ੈਅ ਨਾ ਹੀ ਮਿਲਦੀ। ਕੁਲ ਮਿਲਾ ਕੇ ਗੱਲ ਇਥੇ ਹੀ ਮੁਕਦੀ ਹੈ ਕਿ ਮਨੁਖ ਆਪਣੇ ਜੀਵਨ ਵਿਚ ਬਹੁਤ ਜਿਆਦਾ ਅਸੰਤਸ਼ੁਟ ਹੈ।

ਇਸ ਸਲੋਕ ਅੰਦਰ ਬਾਬਾ ਫਰੀਦ ਜੀ ਜਿਥੇ ਮਨੁਖ ਨੂੰ ਜੀਵਨ ਦੇ ਹਰ ਪੜਾਅ ਅਤੇ ਹਰ ਹਾਲਤ ਵਿਚ ਰਾਜੀ ਰਹਿਣ ਦੀ ਤਾਕੀਦ ਕਰਦੇ ਜਾਪਦੇ ਹਨ। ਉਥੇ ਹੀ ਇਹ ਵੀ ਸਮਝਾ ਰਹੇ ਕਿ ਪਰਮਾਰਥ ਦੇ ਪਾਂਧੀ ਬਣਕੇ, ਪ੍ਰਭੂ ਦੇ ਭਾਣੇ ਵਿਚ ਰਾਜੀ ਰਹਿ ਕੇ ਹੀ ਮਨੁਖ ਸਹਿਜਮਈ ਸਮਤੋਲ ਅਤੇ ਅਨੰਦ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ।

Tags