Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਤਤੀ ਤੋਇ ਪਲਵੈ   ਜੇ ਜਲਿ ਟੁਬੀ ਦੇਇ
ਫਰੀਦਾ  ਜੋ ਡੋਹਾਗਣਿ ਰਬ ਦੀ   ਝੂਰੇਦੀ ਝੂਰੇਇ ॥੬੨॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਕ ਤਾਂ ਉਹ ਫਸਲ ਹੁੰਦੀ ਹੈ ਜੋ ਸੋਕੇ, ਗਰਮੀ ਜਾਂ ਖੁਸ਼ਕੀ ਕਰਕੇ ਮੁਰਝਾ ਗਈ ਹੁੰਦੀ ਹੈ, ਪਰ ਜਦੋਂ ਉਸ ਔੜਾਂ ਮਾਰੀ ਫਸਲ ਨੂੰ ਪਾਣੀ ਲਾਇਆ ਜਾਂਦਾ ਹੈ ਤਾਂ ਉਹ ਫਿਰ ਤੋਂ ਹਰੀ-ਭਰੀ ਹੋ ਜਾਂਦੀ ਹੈ। ਪਰ ਦੂਜੇ ਪਾਸੇ ਕੁਝ ਫਸਲਾਂ ਮਰਦੀਆਂ ਹੀ ਪਾਣੀ ਨਾਲ ਹਨ। ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪਾਣੀ ਨਾਲ ਫਸਲ ਕਿਵੇਂ ਮਰ ਸਕਦੀ ਹੈ? ਅਸਲ ਵਿਚ ਪਾਣੀ ਦੀ ਬਹੁਤਾਤ ਕਰਕੇ ਹੀ ਉਸ ਫਸਲ ਦੀਆਂ ਜੜਾਂ ਗਲ ਜਾਂਦੀਆਂ ਹਨ ਤੇ ਉਹ ਸੁੱਕ ਜਾਂਦੀ ਹੈ।

ਇਸ ਸਲੋਕ ਵਿਚ ਬਾਬਾ ਫਰੀਦ ਜੀ ਦੁਆਰਾ ਅਜਿਹੀ ਫਸਲ ਦੀ ਹੀ ਉਦਾਹਰਣ ਦਿੱਤੀ ਗਈ ਹੈ, ਜਿਹੜੀ ਬੇਲੋੜੇ ਪਾਣੀ ਵਿਚ ਖੜ੍ਹੀ ਰਹਿਣ ਕਾਰਣ ਮੁੱਢੋਂ ਹੀ ਸੜ-ਸੁੱਕ ਗਈ ਹੋਵੇ। ਅਜਿਹੀ ਫਸਲ ਕਿਸੇ ਵੀ ਹੀਲੇ ਨਾਲ ਕਦੇ ਹਰੀ ਭਰੀ ਨਹੀਂ ਹੋ ਸਕਦੀ। ਬੇਸ਼ੱਕ ਉਸ ਨੂੰ ਪਾਣੀ ਵਿਚ ਮੁੜ ਡੋਬ ਵੀ ਦਿੱਤਾ ਜਾਵੇ ਤਾਂ ਵੀ ਉਹ ਫਸਲ ਮੁੜ ਹਰੀ ਨਹੀਂ ਹੋ ਸਕਦੀ ਜਾਂ ਉਹ ਆਪਣੇ ਜੋਬਨ ਵਿਚ ਨਹੀਂ ਆ ਸਕਦੀ।

ਇਹੀ ਹਾਲ ਉਸ ਆਤਮਾ ਦਾ ਹੁੰਦਾ ਹੈ, ਜਿਹੜੀ ਆਪਣੇ ਮਾਲਕ-ਪ੍ਰਭੂ ਤੋਂ ਟੁੱਟ ਜਾਂਦੀ ਹੈ, ਵਿਛੜ ਜਾਂਦੀ ਹੈ। ਇਸ ਵਿਛੋੜੇ ਕਾਰਣ ਆਤਮਾ ਵੀ ਮੁੱਢੋਂ ਹੀ ਸੜ-ਸੁਕ ਜਾਂਦੀ ਹੈ। ਜਿਸ ਤਰ੍ਹਾਂ ਪਤੀ ਤੋਂ ਵਿਛੜੀ ਹੋਈ ਇਸਤਰੀ ਦੇ ਪੱਲੇ ਸਿਰਫ ਝੁਰੇਵਾਂ ਹੀ ਰਹਿ ਜਾਂਦਾ ਹੈ, ਐਨ੍ਹ ਇਸੇ ਤਰ੍ਹਾਂ ਰੱਬ ਨੂੰ ਭੁੱਲ ਚੁੱਕੀ ਆਤਮਾ ਵੀ ਸਿਰਫ ਝੂਰਨ ਜੋਗੀ ਰਹਿ ਜਾਂਦੀ ਹੈ। ਫਿਰ, ਸੁੱਕੀ ਹੋਈ ਫਸਲ ਵਾਂਗ ਉਸ ਦੇ ਦੁਖ ਦਾ ਕੋਈ ਹੱਲ ਨਹੀਂ ਹੁੰਦਾ।

ਉਪਰੋਕਤ ਦ੍ਰਿਸ਼ਟਾਂਤ ਦੇ ਕੇ ਬਾਬਾ ਫਰੀਦ ਜੀ ਇਹ ਵੀ ਸਮਝਾ ਰਹੇ ਹਨ ਕਿ ਜਿਸ ਜਗਿਆਸੂ ਦੇ ਅੰਦਰ ਚਾਅ ਹੈ ਕਿ ਉਹ ਪਰਮਾਰਥੀ ਬਣੇ ਤੇ ਮਾਇਆ ਦੀ ਤਪਸ਼ ਤੋਂ ਉਸ ਦਾ ਖਹਿੜਾ ਛੁੱਟੇ, ਉਸ ਨੂੰ ਤਾਂ ਜਦੋਂ ਜੁਗਤ (ਸਤਿ-ਸੰਗਤ) ਦੀ ਸਮਝ ਲੱਗੀ, ਉਸ ਨੇ ਆਪਣਾ ਜੀਵਨ ਉੱਚਾ ਕਰ ਲਿਆ ਪਰ ਦੂਜੇ ਪਾਸੇ ਇਕ ਉਹ ਲੋਕ ਵੀ ਹਨ ਜੋ ਸਤਿ-ਸੰਗਤ ਵਿਚ ਬੈਠਦੇ ਹਨ, ਇਖਲਾਕ ਪਖੋਂ ਬੁਰਿਆਈਆਂ ਵਿਚ ਹੀ ਫਸੇ ਰਹਿੰਦੇ ਹਨ ਪਰ ਸਮਝਦੇ ਇਹ ਹਨ ਕਿ ਉਹ ਦਰਵੇਸ਼ ਹਨ ਤਾਂ ਬਾਬਾ ਫਰੀਦ ਜੀ ਕਹਿੰਦੇ ਇਹ ਅਸਲ ਵਿਚ ਸੜੀ ਹੋਈ ਫਸਲ ਵਰਗੇ ਹਨ।

ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਬਾਬਾ ਫਰੀਦ ਜੀ ਅਗਲੀ ਤੁਕ ਵਿਚ ਸ਼ਬਦ ‘ਡੋਹਾਗਣਿ’ ਵਰਤਦੇ ਹਨ। ਭਾਰਤੀ ਸਭਿਆਚਾਰ ਵਿਚ, ਵਿਧਵਾ ਜਾਂ ਪਤੀ ਤੋਂ ਵਖ ਹੋ ਚੁੱਕੀ ਇਸਤਰੀ ਨੂੰ ‘ਦੁਹਾਗਣ’ ਕਿਹਾ ਜਾਂਦਾ ਹੈ। ਇਥੇ ਬਾਬਾ ਫਰੀਦ ਜੀ ਉਨ੍ਹਾਂ ਜਗਿਆਸੂਆਂ ਬਾਰੇ ਗੱਲ ਕਰ ਰਹੇ ਹਨ ਜੋ ਰੱਬ ਵੱਲੋ ਟੁੱਟੇ ਹੋਏ ਹਨ, ਭਾਵ ਕਿ ਉਹ ਲੋਕ ਜਿਹੜੇ ਇਕ ਪਾਸੇ ਧਾਰਮਕ ਲਿਬਾਸ ਪਾ ਕੇ ਆਪਣੇ ਆਪ ਨੂੰ ਦਰਵੇਸ਼ (ਭਗਤ) ਸਮਝਦੇ ਹਨ ਪਰ ਉਨ੍ਹਾਂ ਦੇ ਚਿਤ ਵਿਚ ਹਰ ਸਮੇਂ ਮਾਇਆ ਦੇ ਵਿਚਾਰ ਚਲਦੇ ਹਨ। ਉਹ ਰੱਬ ਜੀ ਪ੍ਰਤੀ ਆਪਣੇ ਰਿਸ਼ਤੇ ਵਿਚ ਇਮਾਨਦਾਰ ਨਹੀ ਹਨ। ਜਿਸ ਕਾਰਣ ਫਿਰ ਉਹ ਸਾਰੀ ਉਮਰ ਕੇਵਲ ਝੋਰਿਆਂ ਅੰਦਰ ਹੀ ਬਤੀਤ ਕਰਦੇ ਹਨ। ਉਹ ਹਮੇਸ਼ਾ ਮਾਨਸਕ ਤਨਾਅ ਨਾਲ ਘਿਰੇ ਰਹਿੰਦੇ ਹਨ ਤੇ ਉਨ੍ਹਾਂ ਦਾ ਜੀਵਨ ਮੁਰਝਾਇਆ ਰਹਿੰਦਾ ਹੈ।

Tags