ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਿੱਖਿਆ ਦਿੰਦੇ ਹਨ ਕਿ ਜਿਹੜਾ ਸਭ ਕਾਸੇ ਦਾ ਮਾਲਕ ਹੈ, ਜਿਸ ਦੇ ਅੱਗੇ ਹਰ ਕੰਮ ਦੀ ਪਰਖ-ਪੜਚੋਲ ਹੋਣੀ ਹੈ, ਜਿਸ ਨੇ ਨਿਆਂ ਕਰਨਾ ਹੈ, ਜਿਸ ਅੱਗੇ ਨਾ ਕੋਈ ਝੂਠ ਚੱਲਣਾ ਹੈ ਤੇ ਨਾ ਹੀ ਕੋਈ ਬਹਾਨਾ ਮਿਲਣਾ ਹੈ, ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਭਾਵ, ਉਸ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ ਤੇ ਹਰ ਕੰਮ ਉਸ ਦੀ ਰਜ਼ਾ ਅਨੁਸਾਰ ਹੀ ਕਰਨਾ ਚਾਹੀਦਾ ਹੈ। ਹਾਂ, ਇਸ ਨਾਲ ਹੀ ਮਨੁਖ ਦੇ ਮਨ ਦੀ ਸਾਰੀ ਭਟਕਣ ਦੂਰ ਹੋ ਜਾਵੇਗੀ ਜਾਂ ਉਸ ਨੂੰ ਆਪਣੇ ਮਨ ਦੀ ਦੁਬਿਧਾ ਦੂਰ ਕਰਕੇ ਮਾਲਕ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ।
ਫਿਰ ਦੱਸਿਆ ਹੈ ਕਿ ਜਿਹੜੇ ਚੰਗੇ ਮਨੁਖ ਹੁੰਦੇ ਹਨ, ਉਨ੍ਹਾਂ ਦਰਵੇਸ਼ ਲੋਕਾਂ ਨੂੰ ਮਨ ਦੀ ਸਾਰੀ ਭਟਕਣ ਛੱਡ ਕੇ, ਰਜ਼ਾ ਵਿਚ ਰਾਜ਼ੀ ਰਹਿਣ ਲਈ ਇਹੋ-ਜਿਹੀ ਸਹਿਣਸ਼ੀਲਤਾ ਅਪਣਾਉਣੀ ਚਾਹੀਦੀ ਹੈ, ਜਿਹੋ-ਜਿਹੀ ਰੁੱਖਾਂ ਵਿਚ ਹੁੰਦੀ ਹੈ। ਜਿਸ ਤਰ੍ਹਾਂ ਰੁੱਖ ਹਰ ਮੌਸਮ ਅਤੇ ਝੱਖੜ ਆਦਿ ਦੀ ਕਦੇ ਵੀ ਸ਼ਿਕਾਇਤ ਨਹੀਂ ਕਰਦੇ, ਇਸ ਤਰ੍ਹਾਂ ਮਨੁਖ ਨੂੰ ਵੀ ਰੱਬ ਦੇ ਹੁਕਮ ਵਿਚ ਧੀਰਜ ਨਾਲ ਰਹਿਣਾ ਚਾਹੀਦਾ ਹੈ।