Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਜਿਨੑੀ ਕੰਮੀ ਨਾਹਿ ਗੁਣ   ਤੇ ਕੰਮੜੇ ਵਿਸਾਰਿ
ਮਤੁ ਸਰਮਿੰਦਾ ਥੀਵਹੀ   ਸਾਂਈ ਦੈ ਦਰਬਾਰਿ ॥੫੯॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਮਨੁਖ ਨੂੰ ਸਿੱਖਿਆ ਦਿੰਦੇ ਹਨ ਕਿ ਜਿਹੜੇ ਕੰਮ ਬੁਰੇ ਹਨ ਅਤੇ ਜਿਨ੍ਹਾਂ ਦਾ ਕੋਈ ਲਾਭ ਵੀ ਨਹੀਂ ਹੈ, ਉਹ ਕੰਮ ਮਨੁਖ ਨੂੰ ਆਪਣੇ ਮਨੋ ਭੁਲਾ ਹੀ ਦੇਣੇ ਚਾਹੀਦੇ ਹਨ, ਸਗੋਂ ਉਸ ਨੂੰ ਉਨ੍ਹਾਂ ਦਾ ਚੇਤਾ ਹੀ ਨਾ ਰਹੇ ਤੇ ਉਸ ਦਾ ਮਨ ਉਸ ਪਾਸੇ ਜਾਵੇ ਹੀ ਨਾ। ਆਪਾਂ ਸੰਸਾਰ ਵਿਚ ਵੀ ਦੇਖਦੇ ਹਾਂ ਕਿ ਜੋ ਲੋਕ ਚੋਰੀ, ਠੱਗੀ, ਬੇਈਮਾਨੀ ਕਰਦੇ ਹਨ, ਉਹ ਇਕ ਦਿਨ ਇਨ੍ਹਾਂ ਬੁਰੇ ਕੰਮਾਂ ਕਰਕੇ ਸਜਾ ਦੇ ਭਾਗੀ ਬਣਦੇ ਹਨ। ਸੱਚ ਦੀ ਕਚਿਹਰੀ ਵਿਚ ਮੰਦੇ ਕੰਮਾਂ ਦੀ ਕਦਰ ਨਹੀ ਹੈ। ਜਿਹੜੇ ਮਨੁਖ ਪਾਪ ਕਰਦੇ ਹਨ, ਉਨ੍ਹਾਂ ਨੂੰ ਪਾਪਾਂ ਅਨੁਸਾਰ ਸਜਾ ਮਿਲੇਗੀ।

ਇਸ ਲਈ ਜੇਕਰ ਮਨੁਖ ਚਾਹੁੰਦਾ ਹੈ ਕਿ ਬੁਰੇ ਕੰਮਾਂ ਕਾਰਣ ਰੱਬ ਦੇ ਦਰਬਾਰ ਵਿਚ ਜਾ ਕੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਰੱਬ ਨੇ ਮਨੁਖ ਦੇ ਕੀਤੇ ਕੰਮਾਂ ਦੀ ਪਰਖ-ਪੜਚੋਲ ਕਰਨੀ ਹੈ। ਇਸ ਲਈ ਇਹ ਜਰੂਰੀ ਹੈ ਕਿ ਦੁਨਿਆਵੀ ਲੋਭ-ਲਾਲਚ ਵਿਚ ਫਸ ਕੇ ਇਹ ਆਪਣੇ ਲਈ ਟੋਆ ਨ ਪੁੱਟੇ। ਉਥੇ ਨਾ ਹੀ ਝੂਠ ਚੱਲਣਾ ਹੈ ਤੇ ਨਾ ਕੋਈ ਬਹਾਨਾ ਮਿਲਣਾ ਹੈ ਕਿ ਆਪਣੇ ਕੀਤੇ ਬੁਰੇ ਕੰਮਾਂ ਕਾਰਣ ਮਿਲਣ ਵਾਲੀ ਸਜ਼ਾ ਤੋਂ ਬਚਿਆ ਜਾ ਸਕੇ। ਇਸ ਲਈ ਮਨੁਖ ਨੂੰ ਇਸ ਜੀਵਨ ਦੌਰਾਨ ਹੀ ਨੇਕ ਰਾਹ ਅਪਣਾਉਣ ਦੀ ਲੋੜ ਹੈ।

Tags