Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਜੇ ਜਾਣਾ ਲੜੁ ਛਿਜਣਾ   ਪੀਡੀ ਪਾਈਂ ਗੰਢਿ
ਤੈ ਜੇਵਡੁ ਮੈ ਨਾਹਿ ਕੋ   ਸਭੁ ਜਗੁ ਡਿਠਾ ਹੰਢਿ ॥੫॥
-ਗੁਰੂ ਗ੍ਰੰਥ ਸਾਹਿਬ ੧੩੭੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਹਿੰਦੂ ਮਰਿਆਦਾ ਅਨੁਸਾਰ ਵਿਆਹ ਸਮੇਂ ਲਾੜੇ ਦੇ ਪੱਲੇ ਨਾਲ ਲਾੜੀ ਦੀ ਚੁੰਨੀ ਦੀ ਗੰਢ ਮਾਰੀ ਜਾਂਦੀ ਹੈ, ਜਿਸ ਨੂੰ ‘ਗੰਢ ਚਿਤਰਾਵੇ’ ਦੀ ਰਸਮ ਕਿਹਾ ਜਾਂਦਾ ਹੈ। ਇਹ ਗੰਢ ਉਨ੍ਹਾਂ ਦੇ ਨਵੇਂ ਰਿਸ਼ਤੇ ਦੀ ਪਕਿਆਈ ਅਤੇ ਮਜ਼ਬੂਤੀ ਦਾ ਪ੍ਰਤੀਕ ਹੁੰਦੀ ਹੈ। ਕਈ ਵਾਰ ਅਣਗਹਿਲੀ ਕਰਕੇ ਕਿਸੇ ਅਨਾੜੀ ਵੱਲੋਂ ਮਾਰੀ ਗਈ ਗੰਢ ਫੇਰਿਆਂ ਦੌਰਾਨ ਖੁੱਲ੍ਹ ਵੀ ਸਕਦੀ ਹੈ, ਪਰ ਪੀਡੀ ਗੰਢ ਦੇ ਖੁੱਲ੍ਹਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।

ਸਿਖ ਧਰਮ ਦੀ ਮਰਿਆਦਾ ਅਨੁਸਾਰ ਅਨੰਦ ਕਾਰਜ ਵੇਲੇ ਲਾੜੇ ਦਾ ਪੱਲਾ ਲਾੜੀ ਨੂੰ ਫੜਾਇਆ ਜਾਂਦਾ ਹੈ। ਕਈ ਵਾਰੀ ਇਹ ਪੱਲਾ ਲਾੜੀ ਦੇ ਕੜੇ ਜਾਂ ਹੋਰ ਕਿਸੇ ਹਿੱਸੇ ਨਾਲ ਗੰਢ ਕੇ ਜੋੜਿਆ ਜਾਂਦਾ ਹੈ, ਤਾਂ ਜੋ ਇਹ ਹੱਥੋਂ ਛੁੱਟੇ ਨਹੀਂ—ਇਹ ਵੀ ਰਿਸ਼ਤੇ ਦੀ ਅਟੁੱਟਤਾ ਦਾ ਸੰਕੇਤ ਹੁੰਦਾ ਹੈ।

ਇਸ ਸੰਦਰਭ ਵਿਚ ਬਾਬਾ ਫਰੀਦ ਜੀ ਆਪਣੇ ਇਸ ਸਲੋਕ ਵਿਚ ਪ੍ਰਤੀਕਾਤਮਕ ਭਾਸ਼ਾ ਰਾਹੀਂ ਇਕ ਅਧਿਆਤਮਕ ਅਰਥ ਭਰਦੇ ਹਨ। ਉਹ ਪ੍ਰਭੂ ਨੂੰ ਪਤੀ ਅਤੇ ਜੀਵ ਨੂੰ ਇਸਤਰੀ ਦੇ ਰੂਪ ਵਿਚ ਚਿਤਰਦੇ ਹੋਏ ਜੀਵ-ਇਸਤਰੀ ਵੱਲੋਂ ਆਖਦੇ ਹਨ ਕਿ ਜੇ ਉਸ ਨੂੰ ਪਹਿਲਾਂ ਪਤਾ ਹੁੰਦਾ ਕਿ ਪਤੀ (ਪ੍ਰਭੂ) ਨਾਲ ਉਸ ਦੇ ਪਿਆਰ ਵਿਚ ਕਿਤੇ ਕਮੀ ਜਾਂ ਕਮਜ਼ੋਰੀ ਰਹਿ ਜਾਵੇਗੀ, ਜਿਸ ਕਾਰਣ ਇਹ ਰਿਸ਼ਤਾ ਟੁੱਟ ਸਕਦਾ ਹੈ ਤਾਂ ਉਹ ਆਪਣਾ ਪਿਆਰ ਇੰਨਾ ਮਜ਼ਬੂਤ ਕਰਦੀ ਕਿ ਇਹ ਰਿਸ਼ਤਾ ਕਦੇ ਟੁੱਟੇ ਹੀ ਨਾ। ਉਸ ਨੇ ਸਾਰਾ ਸੰਸਾਰ ਵੇਖ ਲਿਆ ਹੈ, ਪਰ ਪ੍ਰਭੂ ਵਰਗਾ ਸੱਚਾ ਸਾਥੀ ਉਸ ਨੂੰ ਨਹੀਂ ਮਿਲਿਆ।

ਅਸਲ ਵਿਚ ਫਰੀਦ ਜੀ ਇਥੇ ‘ਲੜ’ ਅਤੇ ‘ਗੰਢ’ ਦੀ ਪ੍ਰਤੀਕਾਤਮਕ ਵਰਤੋਂ ਰਾਹੀਂ ਕਹਿ ਰਹੇ ਹਨ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਉਨ੍ਹਾਂ ਨੂੰ ਪ੍ਰਭੂ ਤੋਂ ਵਿਛੋੜ ਦੇਵੇਗੀ, ਤਾਂ ਉਹ ਪਹਿਲਾਂ ਤੋਂ ਹੀ ਆਪਣਾ ਰਿਸ਼ਤਾ ਪੱਕਾ ਕਰ ਲੈਂਦੇ। ਉਹ ਦੱਸ ਰਹੇ ਹਨ ਕਿ ਮਾਲਕ-ਪ੍ਰਭੂ ਹੀ ਸਰਬ-ਸਮਰੱਥ ਅਤੇ ਸੱਚਾ ਸਾਥੀ ਹੈ, ਜਿਸ ਵਰਗਾ ਹੋਰ ਕੋਈ ਨਹੀਂ।

ਸੰਦੇਸ਼ ਇਹ ਹੈ ਕਿ ਜੀਵ ਨੂੰ ਆਪਣੇ ਪਿਆਰੇ ਪ੍ਰਭੂ ਨਾਲ ਐਸਾ ਪੱਕਾ, ਗਹਿਰਾ ਅਤੇ ਅਟੁੱਟ ਰਿਸ਼ਤਾ ਬਣਾਉਣਾ ਚਾਹੀਦਾ ਹੈ ਜੋ ਕਿਸੇ ਵੀ ਦੁਖ, ਸੰਕਟ ਜਾਂ ਅਜ਼ਮਾਇਸ਼ ਵੇਲੇ ਕਦੇ ਵੀ ਟੁੱਟੇ ਨਾ।

ਸਾਨੂੰ ਵੀ ਆਪਣੇ ਮਨ ਵਿਚ ਇਹ ਸੋਚਣ ਦੀ ਲੋੜ ਹੈ ਕਿ ਕੀ ਸਾਡੇ ਲੜ ਦੀ ਗੰਢ ਇੰਨੀ ਮਜ਼ਬੂਤ ਹੈ ਕਿ ਉਹ ਕਦੇ ਵੀ ਨਹੀਂ ਟੁੱਟ ਸਕਦੀ? ਕੀ ਸਾਡਾ ਪ੍ਰਭੂ ਨਾਲ ਰਿਸ਼ਤਾ ਇੰਨਾ ਪੱਕਾ ਤੇ ਨਿਹਚਲ ਹੈ ਕਿ ਕਿਸੇ ਵੀ ਦੁੱਖ, ਤਕਲੀਫ ਜਾਂ ਅੜਚਨ ਵੇਲੇ ਵੀ ਉਹ ਕਮਜ਼ੋਰ ਨਹੀਂ ਪਵੇਗਾ?

ਅਸੀਂ ਵੀ ਸਿਮਰਨ ਤੇ ਅਭਿਆਸ ਰਾਹੀਂ ਆਪਣੇ ਮਾਲਕ ਨਾਲ ਪਿਆਰ ਦੀ ਇਸ ਗੰਢ ਨੂੰ ਹੋਰ ਪਕੇਰਾ ਕਰ ਸਕਦੇ ਹਾਂ। ਕਿਉਂਕਿ ਇਹੀ ਗੰਢ ਸਾਡੇ ਜੀਵਨ ਦੀ ਸੱਚੀ ਖੁਸ਼ੀ, ਆਤਮਕ ਵਿਗਾਸ ਤੇ ਅੰਦਰੂਨੀ ਸਥਿਰਤਾ ਦੀ ਕੁੰਜੀ ਹੈ।
Tags