ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥੫੮॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਪਿਛਲੇ ਸਲੋਕ ਵਿਚਲੀ ਸਿੱਖਿਆ ਨੂੰ ਹੀ ਦੁਹਰਾਅ ਕੇ ਸਮਝਾ ਰਹੇ ਹਨ ਕਿ ਮਨੁਖ ਨੂੰ ਵਡੇ ਮਕਾਨ, ਐਸ਼ੋਇਸ਼ਰਤ, ਸ਼ਾਨੋ-ਸ਼ੌਕਤ, ਮਾਣ-ਤਾਣ ਅਤੇ ਅਭਿਮਾਨ ਵਾਲੀਆਂ ਚੀਜ਼ਾਂ ਨਾਲ ਦਿਲ ਲਾਉਣ ਦੀ ਥਾਂ ਆਪਣੇ ਅੰਤ, ਭਾਵ, ਮੌਤ ਬਾਰੇ ਸੋਚਣਾ ਚਾਹੀਦਾ ਹੈ। ਮੌਤ ਏਨੀ ਤਾਕਤਵਰ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਟਾਲਿਆ ਨਹੀਂ ਜਾ ਸਕਦਾ।
ਇਸ ਦੇ ਨਾਲ ਹੀ ਬਾਬਾ ਫਰੀਦ ਜੀ ਨੇ ਮਨੁਖ ਨੂੰ ਸਿੱਖਿਆ ਦਿੱਤੀ ਹੈ ਕਿ ਉਹ ਇਸ ਸੰਸਾਰ ਦੀ ਬਜਾਏ ਉਸ ਥਾਂ ਦੀ ਫਿਕਰ ਕਰੇ ਜਾਂ ਉਸ ਬਾਰੇ ਸੋਚੇ, ਜਿਥੇ ਉਸ ਨੂੰ ਹਰ ਹਾਲਤ ਵਿਚ ਜਾਣਾ ਹੀ ਪੈਣਾ ਹੈ। ਜਿਥੇ ਉਸ ਦੇ ਭਲੇ ਬੁਰੇ ਕੰਮਾਂ ਦਾ ਹਿਸਾਬ ਹੋਣਾ ਹੈ। ਜੇ ਮਨੁਖ ਉਸ ਵੇਲੇ ਅਤੇ ਉਸ ਥਾਂ ਨੂੰ ਚੇਤੇ ਕਰੇਗਾ ਤਾਂ ਉਸ ਦਾ ਇਹ ਜੀਵਨ ਬਿਹਤਰ ਹੋ ਸਕਦਾ ਹੈ।