ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥
ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਮਨੁਖ ਦਾ ਜੀਵਨ ਬਹੁਤਾ ਲਮੇਰਾ ਨਹੀਂ ਹੈ। ਇਹ ਜ਼ਿੰਦਗੀ ਸਾਨੂੰ ਉਧਾਰੀ ਮਿਲੀ ਹੋਈ ਹੈ। ਉਧਾਰੀ ਚੀਜ ਉਪਰ ਮਾਣ ਕਿਸ ਤਰ੍ਹਾਂ ਹੋ ਸਕਦਾ ਹੈ? ਉਧਾਰੀ ਚੀਜ ਦਾ ਮਾਲਕ ਜਦੋਂ ਚਾਹੇ ਆਪਣੀ ਚੀਜ ਵਾਪਸ ਲੈ ਸਕਦਾ ਹੈ। ਮਨੁਖ ਦੇ ਜੀਵਨ ਦਾ ਸਫਰ ਬਸ ਏਨਾ ਕੁ ਹੈ ਜਿਵੇਂ ਕੋਈ ਆਪਣੇ ਕੋਠੇ ’ਤੇ ਦੌੜ ਸਕਦਾ ਹੈ। ਮਨੁਖ ਦੇ ਜੀਵਨ ਦੀ ਦੌੜ ਝਟ-ਪਟ ਮੁੱਕ ਜਾਣ ਵਾਲੀ ਹੈ। ਉਸ ਦਾ ਅੰਤ ਬੇਹੱਦ ਨੇੜੇ ਹੈ। ਇਸ ਲਈ ਉਸ ਨੂੰ ਆਪਣੀ ਨੀਂਦ ਜਿਹੇ ਅਵੇਸਲੇਪਣ ਦਾ ਤਿਆਗ ਕਰ ਕੇ ਪਿਆਰੇ ਪ੍ਰਭੂ ਵੱਲ ਧਿਆਨ ਕਰਨਾ ਚਾਹੀਦਾ ਹੈ। ਉਸ ਨਾਲ ਮਿਲਣ ਦਾ ਕੋਈ ਜਤਨ ਕਰਨਾ ਚਾਹੀਦਾ ਹੈ।
ਕਿਉਂਕਿ ਜਿੰਨੀ ਕੁ ਵੀ ਮਨੁਖ ਦੀ ਉਮਰ ਹੁੰਦੀ ਹੈ ਉਹ ਬਹੁਤੀ ਨਹੀਂ, ਬਸ ਗਿਣੇ-ਚੁਣੇ ਦਿਨ ਹੀ ਹੁੰਦੇ ਹਨ। ਪਰ ਮਨੁਖ ਸਾਰਾ ਸਮਾਂ ਬੇਮਤਲਬ ਦੌੜ-ਭੱਜ ਕੇ ਵਿਅਰਥ ਬਤੀਤ ਕਰ ਲੈਂਦਾ ਹੈ। ਸਮੇਂ ਦਾ ਉਹ ਸਹੀ-ਸਹੀ ਲਾਹਾ ਨਹੀਂ ਲੈਂਦਾ। ਇਸ ਲਈ ਬਹੁਤ ਜਰੂਰੀ ਹੈ ਕਿ ਮਨੁਖ ਨੇਕ ਕਰਮ ਕਰੇ, ਨਾਮ ਜਪੇ ਅਤੇ ਬੁਰੇ ਕੰਮਾਂ ਤੋਂ ਦੂਰ ਰਹੇ। ਸੋ, ਮਨੁਖ ਨੂੰ ਸਮੇਂ ਸਿਰ ਪ੍ਰਭੂ ਦੇ ਰਾਹ ਪੈਣਾ ਚਾਹੀਦਾ ਹੈ।