ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜਦੋਂ ਮਨੁਖ ਜਵਾਨੀ ਨੂੰ ਮਾਣ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਸ ਨੂੰ ਚੰਗੇ ਮੰਦੇ ਕੰਮ ਦੀ ਬਹੁਤੀ ਸੋਝੀ ਨਹੀ ਹੁੰਦੀ। ਫਿਰ ਇਕ ਦਿਨ ਆਉਂਦਾ ਹੈ ਕਿ ਉਸ ਮਨੁਖ ਦੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ। ਇਥੇ ਹੀ ਬਸ ਨਹੀਂ ਉਸ ਦੀ ਦਾਹੜੀ-ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹਨ। ਭਾਵ, ਉਹ ਬੁੱਢੇਪੇ ਵਿਚ ਪੁੱਜ ਚੁੱਕਾ ਹੈ। ਉਸ ਦੀ ਸਰੀਰਕ ਦਿਖ ਤੋਂ ਲੋਕ ਉਸ ਨੂੰ ਸਿਆਣਾ ਮੰਨਣਾ ਸ਼ੁਰੂ ਕਰ ਦਿੰਦੇ ਹਨ। ਲੋਕ ਲਾਜ ਦੇ ਡਰ ਤੋਂ ਭਾਵੇਂ ਉਹ ਅਜਿਹੇ ਕੰਮ ਕਰਨ ਤੋਂ ਕੰਨੀ ਕਤਰਾਉਂਦਾ ਹੈ ਜਿੰਨਾ ਵਿਚ ਲਾਭ ਨਾ ਹੋਵੇ।
ਪਰ ਸਚਾਈ ਇਹ ਹੈ ਕਿ ਏਨੀ ਉਮਰ ਹੋ ਜਾਣ ਜਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਦਾ ਮੂਰਖ, ਅਣਜਾਣ ਅਤੇ ਅਵੇਸਲਾ ਮਨ ਰੰਗ-ਰਲੀਆਂ ਮਾਣਨ ਨੂੰ ਉਤਾਵਲਾ ਰਹਿੰਦਾ ਹੈ। ਜਦਕਿ ਜੇ ਉਸ ਨੇ ਭਰ ਜੁਆਨੀ ਵਿਚ ਸੱਚ ਦਾ ਮਾਰਗ ਨਹੀਂ ਚੁਣਿਆਂ ਜਾਂ ਪ੍ਰਭੂ ਨੂੰ ਯਾਦ ਨਹੀਂ ਕੀਤਾ ਤਾਂ ਕੰਮ ਸੇ ਕੰਮ ਹੁਣ ਇਸ ਬੁੱਢੀ ਉਮਰ ਵਿਚ ਹੀ ਉਸ ਨੂੰ ਅਵੇਸਲਾਪਣ ਤੇ ਮੂਰਖਤਾ ਦਾ ਤਿਆਗ ਕਰਕੇ ਸਮਝਦਾਰ ਹੋਣਾ ਚਾਹੀਦਾ ਹੈ ਤੇ ਰੱਬ ਦੇ ਰਾਹ ਲੱਗਣਾ ਚਾਹੀਦਾ ਹੈ। ਬਾਬਾ ਜੀ ਸਮਝਾ ਰਹੇ ਹਨ ਕਿ ਉਮਰ ਦੇ ਇਸ ਪੜਾਅ ਤੇ ਪੁੱਜੇ ਹੋਏ ਮਨੁਖ ਨੂੰ ਬੁਰਿਆਈ ਤੋਂ ਦੂਰ ਰਹਿ ਕੇ, ਚੰਗੇ ਕੰਮ ਕਰਨੇ ਚਾਹੀਦੇ ਹਨ, ਜੋ ਉਸ ਦੀ ਉਮਰ ਨੂੰ ਸ਼ੋਭਾ ਦੇਣ। ਨਹੀਂ ਤਾਂ ਸਮਾਂ ਬੀਤਦਾ ਜਾ ਰਿਹਾ ਹੈ ਤੇ ਅਖੀਰ ਪਛਤਾਵੇ ਦੇ ਬਿਨਾਂ ਕੁਝ ਵੀ ਹੱਥ ਨਹੀਂ ਆਵੇਗਾ।