Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਨੰਢੀ ਕੰਤੁ ਰਾਵਿਓ   ਵਡੀ ਥੀ ਮੁਈਆਸੁ
ਧਨ ਕੂਕੇਂਦੀ ਗੋਰ ਮੇਂ   ਤੈ ਸਹ ਨਾ ਮਿਲੀਆਸੁ ॥੫੪॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਇਕ ਅਜਿਹੀ ਇਸਤਰੀ ਦੀ ਹਾਲਤ ਬਾਰੇ ਦੱਸਦੇ ਹਨ, ਜਿਹੜੀ ਏਨੀ ਅਵੇਸਲੀ ਰਹੀ ਕਿ ਉਸ ਨੇ ਭਰ ਜੁਆਨੀ ਵਿਚ ਆਪਣੇ ਪਤੀ ਦਾ ਪਿਆਰ ਅਤੇ ਸਾਥ ਨਹੀਂ ਮਾਣਿਆ। ਫਿਰ ਜਦ ਉਹ ਵਡੀ ਉਮਰ ਦੀ ਹੋਈ, ਬੁੱਢਾਪਾ ਆਇਆ ਤਾਂ ਉਹ ਪਤੀ ਦਾ ਪਿਆਰ ਅਤੇ ਸਾਥ ਮਾਣੇ ਬਿਨਾਂ ਹੀ ਮਰ ਮੁਕ ਗਈ। ਪਰ ਜਦ ਉਸ ਨੂੰ ਕਬਰ ਵਿਚ ਦਫਨ ਕਰ ਦਿੱਤਾ ਗਿਆ ਤਾਂ ਉਸ ਦੀ ਆਤਮਾ ਪਛਤਾਵੇ ਕਾਰਣ ਰੋਂਦੀ ਕੁਰਲਾਉਂਦੀ ਹੈ ਕਿ ਉਹ ਸਮੇਂ ਸਿਰ ਆਪਣੇ ਪਤੀ ਦਾ ਪਿਆਰ ਕਿਉਂ ਨਾ ਮਾਣ ਸਕੀ।

ਬਾਬਾ ਫਰੀਦ ਜੀ ਜਵਾਨ ਇਸਤਰੀ ਦਾ ਪ੍ਰਤੀਕ ਲੈ ਕੇ ਉਨ੍ਹਾਂ ਮਨੁਖਾਂ ਦੀ ਗੱਲ ਕਰਦੇ ਹਨ, ਜਿਹੜੇ ਜੁਆਨੀ ਵਿਚ ਰੱਬ ਦੇ ਰਾਹ ਨਹੀਂ ਚੱਲਦੇ ਤੇ ਇਸਲਾਮੀ ਵਿਸ਼ਵਾਸ ਅਨੁਸਾਰ, ਅਖੀਰ ਜਦੋਂ ਰੱਬ ਦੀ ਦਰਗਾਹ ਵਿਚ ਜਵਾਬ ਦੇਣਾ ਪੈਂਦਾ ਹੈ ਤਾਂ ਮਿਲਣ ਵਾਲੀ ਸਜ਼ਾ ਤੋਂ ਘਬਰਾ ਕੇ, ਪਛਤਾਵੇ ਵਿਚ, ਚੀਕ ਪੁਕਾਰ ਸ਼ੁਰੂ ਹੋ ਜਾਂਦੀ ਹੈ।

Tags