Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ
ਇਹੁ ਤਨੁ ਸਭੋ ਰਤੁ ਹੈ   ਰਤੁ ਬਿਨੁ ਤੰਨੁ ਹੋਇ
ਜੋ ਸਹ ਰਤੇ ਆਪਣੇ   ਤਿਤੁ ਤਨਿ ਲੋਭੁ ਰਤੁ ਹੋਇ ॥ 
ਭੈ ਪਇਐ ਤਨੁ ਖੀਣੁ ਹੋਇ   ਲੋਭੁ ਰਤੁ ਵਿਚਹੁ ਜਾਇ
ਜਿਉ ਬੈਸੰਤਰਿ ਧਾਤੁ ਸੁਧੁ ਹੋਇ   ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ
ਨਾਨਕ  ਤੇ ਜਨ ਸੋਹਣੇ   ਜਿ ਰਤੇ ਹਰਿ ਰੰਗੁ ਲਾਇ ॥੫੨॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ

ਇਸ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਬਾਬਾ ਫਰੀਦ ਜੀ ਨਾਲ ਸੰਵਾਦ ਕਰ ਰਹੇ ਹਨ। ਕਾਵਿ ਵਿਚ ਆਮ ਤੌਰ ’ਤੇ ਗੂੜ ਭਾਵ ਦੀ ਗੱਲ ਪ੍ਰਤੀਕਾਂ ਵਿਚ ਹੀ ਕੀਤੀ ਜਾਂਦੀ ਹੈ ਤੇ ਕਈ ਵਾਰੀ ਸਮਾਂ ਪਾਕੇ ਵਰਤੇ ਗਏ ਪ੍ਰਤੀਕ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ। ਜਿਸ ਕਰਕੇ ਅਸਲ ਭਾਵ ਦੇ ਗੁਆਚ ਜਾਣ ਦਾ ਡਰ ਵੀ ਬਣਿਆ ਰਹਿੰਦਾ ਹੈ। ਅਜਿਹੇ ਵੇਲੇ ਸਿਆਣੇ ਸ਼ਾਇਰ ਕਿਸੇ ਹੋਰ ਦੀ ਸ਼ਾਇਰੀ ਵਿਚਲੇ ਪ੍ਰਤੀਕ ਨੂੰ ਖੋਲ੍ਹ ਦਿੰਦੇ ਹਨ ਤੇ ਭੁਲੇਖੇ ਦੀ ਗੁੰਜਾਇਸ਼ ਖਤਮ ਕਰ ਦਿੰਦੇ ਹਨ। ਬਾਬਾ ਫਰੀਦ ਜੀ ਦੇ ਉਪਰੋਕਤ ਸਲੋਕ ਸੰਬੰਧੀ ਵੀ ਗੁਰੂ ਅਮਰਦਾਸ ਸਾਹਿਬ ਨੇ ਵੀ ਅਜਿਹੀ ਜੁਗਤ ਹੀ ਵਰਤੀ ਲੱਗਦੀ ਹੈ।

ਬਾਬਾ ਫਰੀਦ ਜੀ ਨੇ ਆਪਣੇ ਪਿਛਲੇ ਸਲੋਕ ਵਿਚ ਦੱਸਿਆ ਸੀ ਕਿ ਰੱਬੀ ਪਿਆਰਿਆਂ ਦਾ ਸਰੀਰ ਚੀਰਿਆਂ ਉਸ ਵਿਚੋਂ ਲਹੂ ਨਹੀ ਨਿਕਲਦਾ। ਪਰ ਸਰੀਰ ਤਾਂ ਹੈ ਹੀ ਲਹੂ ਦਾ ਬਣਿਆ ਹੋਇਆ। ਫਿਰ ਬਾਬਾ ਫਰੀਦ ਜੀ ਕਿਉਂ ਕਹਿ ਰਹੇ ਹਨ ਕਿ ਲਹੂ ਨਹੀ ਨਿਕਲਦਾ? ਕੀ ਇਹ ਸੱਚ ਹੈ? ਗੁਰੂ ਅਮਰਦਾਸ ਸਾਹਿਬ ਸਮਝਾ ਰਹੇ ਹਨ ਕਿ, ਬਾਬਾ ਫਰੀਦ ਜੀ ਜੋ ਕਹਿ ਰਹੇ ਹਨ ਉਹ ਬਿਲਕੁਲ ਦਰੁਸਤ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਬਾਬਾ ਫਰੀਦ ਜੀ ਨੇ ਜਿਸ ਲਹੂ ਦੀ ਗੱਲ ਕੀਤੀ ਹੈ ਉਹ ਹੋਰ ਹੈ ਤੇ ਆਮ ਸਮਝ ਜੋ ਲਹੂ ਸਮਝਦੀ ਉਹ ਹੋਰ ਹੈ।

ਗੁਰੂ ਅਮਰਦਾਸ ਸਾਹਿਬ ਨੇ ਬਾਬਾ ਫਰੀਦ ਜੀ ਦੇ ਸਲੋਕ ਵਿਚਲੇ ਗੂੜ ਭਾਵ ਨੂੰ ਖੋਲ੍ਹਦਿਆਂ ਸਪੱਸ਼ਟ ਕੀਤਾ ਹੈ ਕਿ ਮਨੁਖ ਦਾ ਸਾਰਾ ਸਰੀਰ ਹੀ ਲਹੂ ਦਾ ਬਣਿਆ ਹੋਇਆ ਹੈ। ਜਦੋਂ ਤਕ ਸਰੀਰ ਵਿਚ ਲਹੂ ਹੈ, ਉਦੋਂ ਤਕ ਹੀ ਜੀਵਨ ਹੈ। ਲਹੂ ਤੋਂ ਬਿਨ੍ਹਾਂ ਦੇਹੀ ਦਾ ਕੋਈ ਵਜੂਦ ਨਹੀ ਹੈ। ਜੋ ਮਨੁਖ ਰੱਬ ਜੀ ਦੇ ਪ੍ਰੇਮ ਵਿਚ ਰੰਗੇ ਗਏ, ਜਿੰਨ੍ਹਾਂ ਉਪਰ ਨਾਮ ਦੀ ਪਾਣ ਚੜ੍ਹ ਗਈ, ਉਨ੍ਹਾਂ ਦੇ ਸਰੀਰ ਅੰਦਰ ਫਿਰ ‘ਲੋਭ-ਲਾਲਚ’ ਰੂਪੀ ਲਹੂ ਨਹੀਂ ਰਹਿੰਦਾ।

ਉਹ ਫਿਰ ਰੱਬੀ ਡਰ ਅਤੇ ਅਦਬ ਅੰਦਰ ਜਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹਨ। ਉਹ ਵਿਸ਼ੇ-ਵਿਕਾਰਾਂ ਤੋਂ ਮੁਕਤ ਹੋ ਕਿ ਦੁਨਿਆਵੀ ਭੋਗਾਂ ਤੋਂ ਉਪਰ ਉਠ ਜਾਂਦੇ ਹਨ। ਉਨ੍ਹਾਂ ਦੇ ਸਰੀਰ ਵਿਚੋਂ ਲੋਭ ਰੂਪੀ ਲਹੂ ਨਿਕਲ ਜਾਂਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਜਿਸ ਤਰ੍ਹਾਂ ਅੱਗ ਸੋਨੇ ਵਿਚਲੀ ਖੋਟ ਦੂਰ ਕਰਕੇ ਉਸ ਨੂੰ ਬਿਲਕੁਲ ਸ਼ੁੱਧ ਕਰ ਦਿੰਦੀ ਹੈ, ਬਿਲਕੁਲ ਇਸੇ ਤਰ੍ਹਾਂ ਪ੍ਰਭੂ ਦਾ ਨਿਰਮਲ ਭਉ ਮਨੁਖ ਦੀ ਭੈੜੀ ਮੱਤ ਰੂਪੀ ਮੈਲ ਕੱਢ ਕੇ ਉਸ ਨੂੰ ਅੰਦਰੋ- ਬਾਹਰੋਂ ਨਿਰਮਲ ਕਰ ਦਿੰਦਾ ਹੈ। ਸਹੀ ਅਰਥਾਂ ਵਿਚ ਉਹੀ ਲੋਕ ਸੋਹਣੇ ਅਤੇ ਨਿਰਮਲ ਕਹੇ ਜਾ ਸਕਦੇ ਹਨ, ਜਿੰਨ੍ਹਾਂ ਨੇ ਰੱਬੀ ਪ੍ਰੇਮ ਸਦਕਾ, ਲੋਭ ਰੂਪੀ ਵਿਸ਼ੇ-ਵਿਕਾਰਾਂ ਤੋਂ ਮੁਕਤੀ ਹਾਸਿਲ ਕੀਤੀ ਹੈ। ਉਹ ਹਮੇਸ਼ਾ ਮਾਲਕ ਦੀ ਰਜ਼ਾ ਵਿਚ ਜੀਵਨ ਬਤੀਤ ਕਰਦੇ ਹਨ।

ਨੋਟ: ਵਡੇ ਸ਼ਾਇਰ ਅਕਸਰ ਇਕ ਦੂਜੇ ਸ਼ਾਇਰ ਨਾਲ ਸ਼ਾਇਰੀ ਵਿਚ ਹੀ ਸੰਵਾਦ ਕਰਦੇ ਹਨ। ਸ਼ਾਇਰਾਂ ਦਾ ਇਹ ਸੰਵਾਦ ਵਰਤਮਾਨ ਤਕ ਵੀ ਜਾਰੀ ਹੈ। ਸ਼ਾਇਰ ਹੈਦਰ ਅਲੀ ਆਤਿਸ਼ ਇਕ ਥਾਂ ਲਿਖਦੇ ਹਨ ਕਿ ‘ਬੜਾ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜੋ ਚੀਰਾ ਤੋ ਇਕ ਕਤਰਾ ਏ ਖ਼ੂੰ ਨਾ ਨਿਕਲਾ’। ਇਸ ਦੇ ਜਵਾਬ ਵਿਚ ਮਿਰਜ਼ਾ ਗਾਲਿਬ ਨੇ ਲਿਖਿਆ ਕਿ ‘ਦਿਲ ਮੇਂ ਫਿਰ ਗਿਰਯਾ ਨੇ ਇਕ ਸ਼ੋਰ ਉਠਾਇਆ ਗ਼ਾਲਿਬ, ਆਹ ਜੋ ਕਤਰਾ ਨਾ ਨਿਕਲਾ ਥਾ ਸੋ ਤੂਫ਼ਾਂ ਨਿਕਲਾ’।

Tags