Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਰਤੀ ਰਤੁ ਨਿਕਲੈ   ਜੇ ਤਨੁ ਚੀਰੈ ਕੋਇ
ਜੋ ਤਨ ਰਤੇ ਰਬ ਸਿਉ   ਤਿਨ ਤਨਿ ਰਤੁ ਹੋਇ ॥੫੧॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਜੇ ਕੋਈ ਕਿਸੇ ਬੰਦੇ ਸਰੀਰ ਨੂੰ ਕੱਟ ਕੇ ਦੇਖੇ ਤਾਂ ਉਸ ਵਿਚੋਂ ਭੋਰਾ ਭਰ ਵੀ ਲਹੂ ਨਹੀਂ ਨਿਕਲੇਗਾ। ਇਸ ਕਥਨ ਤੋਂ ਹੈਰਾਨੀ ਹੁੰਦੀ ਹੈ ਕਿ ਲਹੂ ਬਿਨਾਂ ਤਾਂ ਕੋਈ ਜੀਵ ਜਿੰਦਾ ਹੀ ਨਹੀਂ ਸਕਦਾ। ਫਿਰ ਇਹ ਕਿਸ ਦੇ ਸਰੀਰ ਦੀ ਗੱਲ ਹੋ ਰਹੀ ਹੈ?

ਇਸ ਸਲੋਕ ਦੀ ਦੂਜੀ ਤੁਕ ਵਿਚੋਂ ਗੱਲ ਸਪਸ਼ਟ ਹੁੰਦੀ ਹੈ। ਉਸ ਵਿਚ ਦੱਸਿਆ ਹੈ ਕਿ ਜਿਹੜੇ ਸਰੀਰ ਰੱਬ ਦੇ ਰੰਗ ਵਿਚ ਰੰਗੇ ਹੁੰਦੇ ਹਨ ਤੇ ਉਸ ਨਾਲ ਇਕਮਿਕ ਹੋ ਗਏ ਹੁੰਦੇ ਹਨ ਉਨ੍ਹਾਂ ਵਿਚ ਭੋਰਾ ਭਰ ਵੀ ਲਹੂ ਨਹੀਂ ਹੁੰਦਾ। ਸੋ, ਸਪਸ਼ਟ ਹੈ ਕਿ ਇਥੇ ਬਾਬਾ ਫਰੀਦ ਜੀ ਉਸ ਮਨੁਖ ਦੀ ਗੱਲ ਕਰ ਰਹੇ ਹਨ, ਜਿਹੜਾ ਰੱਬ ਨਾਲ ਮਿਲਿਆ ਹੋਇਆ ਹੈ। 

ਪਰ ਇਹ ਸਲੋਕ ਪੜ੍ਹ ਕੇ ਇਕ ਸਵਾਲ ਪੈਦਾ ਹੁੰਦਾ ਹੈ ਕਿ ਲਹੂ ਤਾਂ ਹਰ ਜੀਵ ਵਿਚ ਹੁੰਦਾ ਹੈ। ਜੇਕਰ ਲਹੂ ਸੁਕ ਜਾਵੇ ਤਾਂ ਜਿੰਦ ਹੀ ਨਹੀ ਰਹੇਗੀ। ਫਿਰ ਬਾਬਾ ਫਰੀਦ ਇਸ ਸਲੋਕ ਰਾਹੀਂ ਕੀ ਕਹਿਣਾ ਚਾਹੁੰਦੇ ਹੋਣਗੇ? ਦਰਅਸਲ ਇਥੇ ਬਾਬਾ ਫਰੀਦ ਜੀ ਭੇਦ ਰੂਪ ਵਿਚ ਲੋਭ/ਲਾਲਚ ਰੂਪੀ ਲਹੂ ਦੀ ਗੱਲ ਕਰ ਰਹੇ ਹਨ। ਇਸ ਭੇਦ ਨੂੰ ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਵਿਸਥਾਰ ਨਾਲ ਖੋਲਦੇ ਹਨ।
Tags