ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਇਕ ਅਜਿਹੇ ਮੁਸਲਮਾਨ ਬਾਰੇ ਦੱਸਦੇ ਹਨ ਜਿਸ ਨੇ ਆਪਣੇ ਮੋਢੇ ਉੱਤੇ, ਹੇਠਾਂ ਵਿਛਾਉਣ ਲਈ ਵਿਸ਼ੇਸ਼ ਕੱਪੜਾ ਵੀ ਰਖਿਆ ਹੋਇਆ ਹੈ ਤਾਂ ਕਿ ਹਰ ਹਾਲਤ ਵਿਚ ਨਮਾਜ਼ ਅਦਾ ਕੀਤੀ ਜਾ ਸਕੇ ਤੇ ਕਿਤੇ ਉਸ ਕੱਪੜੇ ਬਾਝੋਂ ਨਮਾਜ਼ ਹੀ ਨਾ ਖੁੰਝ ਜਾਵੇ। ਇਸ ਨੇ ਇਸਲਾਮ ਦੀ ਬੁਨਿਆਦੀ ਸ਼ਰਤ, ਸਾਦਗੀ ਪਸੰਦੀ, ਵਜੋਂ ਗਲੇ ਸੂਫੀਆਨਾ ਸਾਦਾ ਲਿਬਾਸ ਪਾਇਆ ਹੋਇਆ ਹੈ। ਜਿਹੜਾ ਦੇਖਣ ਨੂੰ ਬੜਾ ਹੀ ਸ਼ਰੀਫ, ਗੁਣੀਜਨ ਅਤੇ ਧਾਰਮਕ ਲੱਗਦਾ ਹੈ। ਪਰ ਇਸ ਦੇ ਦਿਲ ਵਿਚ ਦੂਜਿਆਂ ਦਾ ਨੁਕਸਾਨ ਕਰਨ ਦੇ ਵਿਚਾਰ ਚੱਲਦੇ ਰਹਿੰਦੇ ਹਨ ਤੇ ਮੂੰਹੋਂ ਬੜੀਆਂ ਹੀ ਮਿੱਠੀਆਂ ਪਿਆਰੀਆਂ ਗੱਲਾਂ ਕਰਦਾ ਹੈ।
ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਅਜਿਹੇ ਬੰਦੇ ਦਾ ਮੁਸੱਲਾ, ਨਮਾਜ਼ਾਂ ਤੇ ਸਾਦਗੀ ਆਦਿ ਸਭ ਕੁਝ ਹੀ ਝੂਠ ਹੈ। ਉਨ੍ਹਾਂ ਦੀ ਸ਼ਕਲ ਦੇਖ ਕੇ ਤਾਂ ਲੱਗਦਾ ਹੈ ਕਿ ਇਹ ਬੜੇ ਸ਼ਰੀਫ ਅਤੇ ਭਗਤ ਹਨ ਪਰ ਅਸਲ ਵਿਚ ਉਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਹੁੰਦਾ ਹੈ। ਉਹ ਆਪ ਵੀ ਗੁਮਰਾਹ ਹੁੰਦੇ ਹਨ ਅਤੇ ਦੂਜਿਆਂ ਨੂੰ ਵੀ ਉਲਟ ਰਾਸਤੇ ਉਤੇ ਪਾਉਂਦੇ ਹਨ। ਅਸਲ ਵਿਚ ਧਰਮੀ ਇਨਸਾਨ ਉਹੀ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਸੱਚਾ ਹੋਵੇ।