ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਜਿਹੜਾ ਫਕੀਰੀ ਲਿਬਾਸ ਪਹਿਨਿਆ ਹੋਇਆ ਹੈ, ਉਸ ਗੋਦੜੀ ਨੂੰ ਉਨ੍ਹਾਂ ਨੇ ਕਿੰਨੇ ਹੀ ਟਾਂਕੇ-ਤੋਪੇ ਲਗਾਏ ਹੋਏ ਹਨ। ਜਿਥੋਂ ਵੀ ਉਹ ਫਟਦੀ ਹੈ, ਉਥੇ ਹੀ ਉਹ ਹੋਰ ਤੋਪੇ ਲਾ ਲੈਂਦੇ ਹਨ ਕਿ ਉਹ ਹੋਰ ਨਾ ਫਟੇ। ਪਰ ਉਨ੍ਹਾਂ ਦੀ ਰੂਹ ਦਾ ਅਜਿਹਾ ਕੋਈ ਬੰਦੋਬਸਤ ਨਹੀਂ ਹੈ। ਭਾਵ, ਗੋਦੜੀ ਨੂੰ ਟਾਂਕੇ ਲਾ ਕੇ ਪਾਟਣ ਤੋਂ ਬਚਾਇਆ ਜਾ ਸਕਦਾ ਹੈ ਪਰ ਰੂਹ ਨੂੰ ਅਜਿਹਾ ਕੋਈ ਟਾਂਕਾ ਨਹੀਂ ਲਾਇਆ ਜਾ ਸਕਦਾ ਕਿ ਉਹ ਸਰੀਰ ’ਚੋ ਨਾ ਨਿਕਲੇ।
ਬਾਬਾ ਫਰੀਦ ਜੀ ਅੱਗੇ ਦੱਸਦੇ ਹਨ ਕਿ ਭਾਵੇਂ ਕੋਈ ਕਿੱਡਾ ਵੀ ਸਾਧਨਾ ਕਰਨ ਵਾਲਾ ਤਪੱਸਵੀ ਹੋਵੇ ਜਾਂ ਕੋਈ ਪਹੁੰਚਿਆ ਹੋਇਆ ਸ਼ੇਖ ਦਰਵੇਸ਼ ਹੀ ਕਿਉਂ ਨਾ ਹੋਵੇ, ਸਾਰੇ ਹੀ ਆਪੋ-ਆਪਣੀ ਉਮਰ ਜਾਂ ਵਾਰੀ ਦੇ ਹਿਸਾਬ ਨਾਲ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਹਨ। ਕੋਈ ਵੀ ਇਥੇ ਸਦੀਵੀ ਤੌਰ ਪਰ ਰਹਿਣ ਵਾਲਾ ਨਹੀਂ ਹੈ। ਸਭ ਨੇ ਜਾਣਾ ਹੀ ਜਾਣਾ ਹੈ। ਇਸ ਲਈ ਬੰਦਗੀ ਅਤੇ ਨੇਕੀ ਦੇ ਰਾਹ ਉੱਤੇ ਚਲਦਿਆਂ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।