ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥
-ਗੁਰੂ ਗ੍ਰੰਥ ਸਾਹਿਬ ੧੩੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੰਸਾਰ ਅੰਦਰ ਬਹੁਤੇ ਮਨੁਖਾਂ ਦਾ ਇਹੋ ਆਦਰਸ਼ ਹੁੰਦਾ ਹੈ ਕਿ ਇਥੇ ਰਹਿਣ ਵਾਸਤੇ ਚੰਗੇ-ਚੰਗੇ ਮਕਾਨ ਅਤੇ ਹਵੇਲੀਆਂ ਬਣਾਈਏ। ਇਸ ਵਾਸਤੇ ਉਹ ਆਪਣੀ ਸਾਰੀ ਉਮਰ ਧਨ ਇਕੱਠਾ ਕਰਨ ਵਿਚ ਲਾ ਦਿੰਦੇ ਹਨ। ਇਸ ਧਨ ਨੂੰ ਇਕੱਠਾ ਕਰਨ ਵਾਸਤੇ ਉਹ ਆਯੋਗ ਢੰਗ ਨਾਲ ਧਨ ਇਕੱਠਾ ਕਰਦੇ ਹਨ। ਇਸ ਪਾਪ ਦੀ ਕਮਾਈ ਨਾਲ ਫਿਰ ਮਹਿਲ-ਮੁਨਾਰੇ ਛੱਤੇ ਜਾਂਦੇ ਹਨ। ਮਨੁਖ ਬੜੇ ਹੰਕਾਰ ਨਾਲ ਦੂਜਿਆਂ ਨੂੰ ਦੱਸਦਾ ਹੈ ਕਿ ਇਹ ਸਭ ਕੁਝ ਮੈਂ ਬਣਾਇਆ ਹੈ, ਇਸ ਵਰਗਾ ਘਰ ਜਾਂ ਹਵੇਲੀ ਇਸ ਇਲਾਕੇ ਵਿਚ ਹੋਰ ਕਿਸੇ ਦੀ ਨਹੀ ਹੈ। ਜਿਸ ਵਕਤ ਧੁਰ ਦਰਗਾਹ ਦਾ ਸੱਦਾ ਆਉਂਦਾ ਹੈ ਤਾਂ ਕੱਚੀਆਂ ਕਬਰਾਂ ਵਿਚ ਪਏ ਮਨੁਖ ਦੀ ਇਹ ਪੱਕੀਆਂ ਹਵੇਲੀਆਂ ਕੋਈ ਸਹਾਇਤਾ ਨਹੀਂ ਕਰਦੀਆਂ ਸਗੋਂ ਇਨ੍ਹਾਂ ਨੂੰ ਬਣਾਉਣ ਵਾਸਤੇ ਜੋ ਪਾਪ ਕੀਤੇ ਸਨ ਹੁਣ ਉਨ੍ਹਾਂ ਦਾ ਭਾਰ ਇਸ ਉੱਤੇ ਆ ਪੈਂਦਾ ਹੈ।
ਇਸ ਸਲੋਕ ਵਿਚ ਬਾਬਾ ਫਰੀਦ ਜੀ ਮਨੁਖ ਨੂੰ ਸਮਝਾਉਂਦਿਆਂ ਹੋਇਆਂ ਦੱਸਦੇ ਹਨ ਕਿ ਸੰਸਾਰ ਵਿਚ ਧਿਆਨ ਮਾਰ ਕੇ ਵੇਖੋ ਜਿਹੜੇ ਲੋਕ ਏਨੇ ਅਮੀਰ ਸਨ ਤੇ ਜਿਨ੍ਹਾਂ ਨੇ ਆਪਣੇ ਰਹਿਣ-ਸਹਿਣ ਲਈ ਵਡੇ-ਵਡੇ ਮਕਾਨ ਉਸਾਰੇ ਹੋਏ ਸਨ ਤੇ ਹੋਰ ਸੁੰਦਰ ਸ਼ਾਮਿਆਨੇ ਵੀ ਸਜ਼ਾਏ ਹੋਏ ਸਨ। ਇਥੋਂ ਤਕ ਕਿ ਕੋਠਿਆਂ ਦੇ ਉਪਰ ਚੌਬਾਰੇ ਵੀ ਛੱਤੇ ਹੋਏ ਸਨ। ਬੇਸ਼ਕ ਇਨ੍ਹਾਂ ਸਭਨਾਂ ਨੇ ਆਪਣੇ ਰਹਿਣ-ਸਹਿਣ ਲਈ ਪੱਕੇ ਬੰਦੋਬਸਤ ਕੀਤੇ ਹੋਏ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਆਮ ਸਧਾਰਣ ਲੋਕ ਤਾਂ ਸੰਸਾਰ ਤੋਂ ਗਏ ਹੀ ਗਏ, ਪਰ ਇਨ੍ਹਾਂ ਵਡੇ-ਵਡੇ ਲੋਕਾਂ ਵਿਚੋਂ ਵੀ ਕੋਈ ਜੱਗ ਵਿਚ ਨਹੀਂ ਰਿਹਾ ਤੇ ਸਭ ਚਲ ਵਸੇ ਹਨ।
ਅਜਿਹੇ ਵਡੇ ਸਮਝੇ ਜਾਂਦੇ ਅਮੀਰ ਲੋਕ ਸੰਸਾਰ ਵਿਚ ਨਿਰਾ ਝੂਠ ਹੀ ਬੋਲਦੇ ਰਹੇ ਤੇ ਬੇਈਮਾਨੀ ਕਰਦੇ ਰਹੇ। ਅਖੀਰ ਉਹ ਇਸੇ ਤਰ੍ਹਾਂ ਹੀ ਮਰ-ਮੁੱਕ ਗਏ ਤੇ ਕਬਰਾਂ ਵਿਚ ਦਫਨਾ ਦਿੱਤੇ ਗਏ। ਇਸ ਤਰ੍ਹਾਂ ਝੂਠਾ ਸੌਦਾ ਕਰਨ ਵਾਲੇ ਦੋਹਾਂ ਜਹਾਨਾਂ ਵਿਚ ਘਾਟੇ ਵਿਚ ਹੀ ਰਹਿੰਦੇ ਹਨ।