Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਪਾਸਿ ਦਮਾਮੇ  ਛਤੁ ਸਿਰਿ   ਭੇਰੀ  ਸਡੋ ਰਡ
ਜਾਇ ਸੁਤੇ ਜੀਰਾਣ ਮਹਿ   ਥੀਏ ਅਤੀਮਾ ਗਡ ॥੪੫॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਨੇ ਇਸ ਸਲੋਕ ਵਿਚ ਅਜਿਹੇ ਲੋਕਾਂ ਬਾਰੇ ਦੱਸਿਆ ਹੈ, ਜਿਹੜੇ ਰਾਜਸੀ ਅਤੇ ਆਰਥਕ ਤਲ ਉੱਤੇ ਏਨੇ ਤਾਕਤਵਰ ਸਨ ਕਿ ਜਦ ਉਹ ਬਾਹਰ ਨਿਕਲਦੇ ਸਨ ਤਾਂ ਉਨ੍ਹਾਂ ਦੇ ਨਾਲ ਨਗਾਰੇ ਵੱਜਦੇ ਸਨ ਤੇ ਉਨ੍ਹਾਂ ਦੇ ਸਿਰਾਂ ਉੱਤੇ ਛਤਰ ਤਾਣੇ ਜਾਂਦੇ ਸਨ। ਇਥੇ ਹੀ ਬਸ ਨਹੀਂ, ਉਨ੍ਹਾਂ ਦੀ ਸ਼ਾਨ ਅਤੇ ਮਾਣ-ਸਨਮਾਨ ਵਿਚ ਸ਼ਹਿਨਾਈਆਂ ਵਜਾਈਆਂ ਜਾਂਦੀਆਂ ਸਨ ਤੇ ਨਾਲ ਹੀ ਗਾਉਣ ਵਾਲੇ ਵੀ ਉਸਤਤਿ ਨਾਲ ਭਰਪੂਰ ਛੰਦ ਆਦਿ ਗਾਉਂਦੇ ਸਨ। 

ਪਰ ਵੇਖੋ ਫਿਰ ਇਕ ਦਿਨ ਉਹ ਸਮਾਂ ਆਇਆ ਜਦੋਂ ਏਨੀ ਤਾਕਤ, ਸ਼ਾਨੋ-ਸ਼ੌਕਤ ਅਤੇ ਐਸ਼ੋ-ਇਸ਼ਰਤ ਦੇ ਮਾਲਕ ਉਹ ਲੋਕ ਅਖੀਰ ਕਬਰਾਂ ਵਿਚ ਜਾ ਕੇ ਸਦਾ ਦੀ ਨੀਂਦੇ ਸੌਂ ਗਏ। ਉਥੇ ਉਹ ਇਸ ਤਰ੍ਹਾਂ ਇਕੱਲੇ ਦਫਨਾ ਦਿੱਤੇ ਗਏ ਹਨ, ਜਿਵੇਂ ਉਨ੍ਹਾਂ ਦਾ ਕੋਈ ਵੀ ਸਕਾ-ਸੰਬੰਧੀ ਨਾ ਹੋਵੇ, ਜਿਵੇਂ ਉਹ ਯਤੀਮ ਹੋਣ। ਬਾਬਾ ਫਰੀਦ ਜੀ ਸੁਚੇਤ ਕਰਦਿਆਂ ਸਮਝਾ ਰਹੇ ਹਨ ਕਿ ਮਾਣ-ਸਨਮਾਨ ਤੇ ਸ਼ਾਨੋ-ਸ਼ੌਕਤ ਦੇ ਸਾਰੇ ਸਾਜੋ-ਸਮਾਨ ਬਸ ਚਾਰ ਦਿਨਾਂ ਦੀ ਹੀ ਗੱਲ ਹੁੰਦੀ ਹੈ ਤੇ ਇਥੇ ਕੁਝ ਵੀ ਸਦੀਵੀ ਨਹੀਂ ਹੈ।

Tags